ਰੂਪਨਗਰ, 7 ਮਾਰਚ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ 'ਚ ਰਾਸ਼ਟਰੀ ਵਿਗਿਆਨ ਦਿਵਸ 2026 ਦੇ ਮੌਕੇ 'ਤੇ 'ਐਕਸੀਲੈਂਸ ਸਕੇਲ ਅੱਪ ਟੂ ਅੱਪ ਸਕੇਲ-ਵੁਮੈਨ ਇਨ ਲੀਡਰਸ਼ਿਪ' ਵਿਸ਼ੇ 'ਤੇ ਪ੍ਰੇਰਨਾਦਾਇਕ ਵਰਕਸ਼ਾਪ ਕਰਵਾਈ ਗਈ | 'ਵਿਗਿਆਨ 'ਚ ਮਹਿਲਾਵਾਂ' ਥੀਮ ਅਧੀਨ ਕਰਵਾਏ ਸਮਾਗਮ ਦਾ ਮਕਸਦ ਵਿਗਿਆਨ ਤੇ ਸਮਾਜਿਕ ਤਰੱਕੀ 'ਚ ਮਹਿਲਾ ਅਗਵਾਈ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਦੌਰਾਨ ਡੀਨ ਸਟੂਡੈਂਟਸ ਵੈੱਲਫੇਅਰ ਪ੍ਰੋ. (ਡਾ.) ਸਿਮਰਜੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਹਿਲਾ ਲੀਡਰਸ਼ਿਪ ਸਮੇਂ ਦੀ ਲੋੜ ਹੈ ਅਤੇ ਇਹ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ | ਉਨ੍ਹਾਂ ਕਿਹਾ ਕਿ ਵਿਗਿਆਨ ਤੇ ਨਵਚਾਰ ਦੇ ਖੇਤਰ 'ਚ ਮਹਿਲਾਵਾਂ ਦੀ ਭਾਗੀਦਾਰੀ ਵਧਣ ਨਾਲ ਸਮਾਜ ਨੂੰ ਨਵੀਂ ਦਿਸ਼ਾ ਮਿਲਦੀ ਹੈ | ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਸਿੰਘ ਨੇ ਕਿਹਾ ਕਿ ਇਤਿਹਾਸ ਤੋਂ ਲੈ ਕੇ ਅੱਜ ਤੱਕ ਔਰਤਾਂ ਨੇ ਸਮਾਜ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਸਮਾਗਮ ਦੇ ਮੁੱਖ ਵਕਤਾ ਅੰਤਰਰਾਸ਼ਟਰੀ ਲੀਡਰਸ਼ਿਪ ਕੋਚ ਸਾਹਿਲ ਸਹੋਰ ਨੇ ਆਪਣੇ ਸੈਸ਼ਨ ਦੌਰਾਨ ਸਫਲਤਾ ਦੇ ਉੱਚ ਪੱਧਰਾਂ ਤੱਕ ਪਹੁੰਚਣ ਲਈ ਲੀਡਰਸ਼ਿਪ ਗੁਣਾਂ ਅਤੇ ਉੱਤਮਤਾ ਨੂੰ ਵਿਕਸਿਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਜੀਵਨ ਦੀਆਂ ਵੱਖ-ਵੱਖ ਭੂਮਿਕਾਵਾਂ ਨਿਭਾਉਂਦੀਆਂ ਔਰਤਾਂ ਦੀ ਭਾਵਨਾਤਮਕ ਤਾਕਤ ਅਤੇ ਲਚਕੀਲੇਪਣ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਕਾਰਾਤਮਕ ਸੋਚ ਅਤੇ ਮਜ਼ਬੂਤ ਸੰਕਲਪ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ | ਇਸ ਮੌਕੇ ਰਾਸ਼ਟਰੀ ਵਿਗਿਆਨ ਦਿਵਸ ਦੇ ਥੀਮ ਤਹਿਤ ਕਰਵਾਏ ਗਏ ਰਿਕਲੇਮੇਸ਼ਨ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਬਾਇਓਟੈਕਨਾਲੋਜੀ ਵਿਭਾਗ ਦੇ ਮੁਨੀਸ਼ ਨੇ ਪਹਿਲਾ, ਜੋਤੀ ਨੇ ਦੂਜਾ ਤੇ ਮਾਨਵੀ ਨੇ ਤੀਜਾ ਸਥਾਨ ਹਾਸਿਲ ਕੀਤਾ | ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਕਤਾ ਨਾਲ ਸਰਗਰਮ ਚਰਚਾ ਕਰਦੇ ਹੋਏ ਆਪਣੇ ਵਿਚਾਰ ਵੀ ਸਾਂਝੇ ਕੀਤੇ | ਸਮਾਗਮ ਦੇ ਅੰਤ 'ਤੇ ਯੂਨੀਵਰਸਿਟੀ ਵਲੋਂ ਵਿਗਿਆਨ ਤੇ ਹੋਰ ਖੇਤਰਾਂ ਵਿਚ ਮਹਿਲਾਵਾਂ ਦੀ ਅਗਵਾਈ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਗਈ |