ਸ੍ਰੀ ਚਮਕੌਰ ਸਾਹਿਬ, 2 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਅੱਜ ਸਥਾਨਕ ਸਬ-ਡਵੀਜ਼ਨਲ ਹਸਪਤਾਲ ਵਿਖੇ ਪੰਜਾਬ ਦੀ ਰਾਜ ਟੀਕਾਕਰਨ ਅਧਿਕਾਰੀ ਡਾ. ਮੰਜੂ ਬੰਸਲ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਡਾ. ਇਸ਼ਿਤਾ ਟੈਕਨੀਕਲ ਮੈਨੇਜਰ ਜੇ.ਐਸ.ਆਈ ਪੰਜਾਬ ਵੀ ਮੌਜੂਦ ਸਨ | ਇਸ ਮੌਕੇ ਉਨ੍ਹਾਂ ਵਲੋਂ ਬਲਾਕ ਸ੍ਰੀ ਚਮਕੌਰ ਸਾਹਿਬ ਵਿਚ ਚੱਲ ਰਹੀ ਐਚ.ਪੀ.ਵੀ ਟੀਕਾਕਰਨ ਮੁਹਿੰਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਡਾ. ਮੰਜੂ ਬੰਸਲ ਨੇ ਟੀਕਾਕਰਨ ਦੇ ਅੰਕੜਿਆਂ, ਟੀਚਿਆਂ ਦੀ ਪ੍ਰਾਪਤੀ ਅਤੇ ਮੈਦਾਨੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜਾਇਜ਼ਾ ਲੈਂਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਇਸ ਦੌਰਾਨ ਉਨ੍ਹਾਂ ਸਮੂਹ ਐਲ.ਐਚ.ਵੀ, ਏ.ਐਨ.ਐਮ, ਆਸ਼ਾ ਫੈਸੀਲਿਟੇਟਰਾਂ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਵਿਚ ਐੱਚ.ਪੀ.ਵੀ ਟੀਕਾਕਰਨ ਦੇ ਲਾਭ ਸੰਬੰਧੀ ਵਧ ਚੜ੍ਹ ਕੇ ਜਾਗਰੂਕਤਾ ਫੈਲਾਉਣ | ਉਨ੍ਹਾਂ ਕਿਹਾ ਕਿ ਐਚ.ਪੀ.ਵੀ ਵੈਕਸੀਨ ਸਰਵਾਈਕਲ/ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਬਹੁਤ ਮਹੱਤਵਪੂਰਨ ਹੈ ਅਤੇ ਸਮੇਂ 'ਤੇ ਲਗਵਾਉਣ ਨਾਲ ਭਵਿੱਖ 'ਚ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਡਾ. ਮੰਜੂ ਬੰਸਲ ਅਤੇ ਡਾ. ਇਸ਼ਿਤਾ ਵਲੋਂ ਹਸਪਤਾਲ ਦੇ ਟੀਕਾਕਰਨ ਕਮਰੇ ਅਤੇ ਕੋਲਡ ਚੇਨ ਪੁਆਇੰਟ ਦਾ ਵੀ ਜਾਇਜ਼ਾ ਲਿਆ | ਇਸ ਮੌਕੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ, ਡਾ.ਸਚਿਨ ਕੁਮਾਰ, ਡਾ.ਸੋਨੀਆ ਠਾਕੁਰ, ਡਾ.ਬਿੰਦਰਾ ਸਿੱਧੂ, ਹਰਵਿੰਦਰ ਸਿੰਘ ਬੀ.ਈ.ਈ, ਤਰਨਵੀਰ ਕੌਰ, ਕਿਰਪਾਲ ਕੌਰ, ਸਮੇਤ ਸਮੂਹ ਏ.ਐਨ.ਐਮ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ |