ਨੂਰਪੁਰ ਬੇਦੀ, 7 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪੰਜਾਬ ਅਤੇ ਹਿਮਾਚਲ ਦੇ ਸੰਘਰਸ਼ਸ਼ੀਲ ਆਗੂਆਂ ਨੇ ਐਂਟਰੀ ਟੋਲ ਵਸੂਲੀ ਖ਼ਿਲਾਫ਼ ਆਪਣੀ ਲੜਾਈ ਨੂੰ ਹੁਣ ਨਿਰਣਾਇਕ ਮੋੜ 'ਤੇ ਪਹੁੰਚਾ ਦਿੱਤਾ ਹੈ | ਦੋਵਾਂ ਰਾਜਾਂ ਦੀਆਂ ਟੈਕਸੀ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਇਕੱਠ ਨਾਲ ਸੰਘਰਸ਼ ਦਿਨੋਂ-ਦਿਨ ਹੋਰ ਤਿੱਖਾ ਹੋ ਰਿਹਾ ਹੈ | ਹਿਮਾਚਲ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਰਤਨ ਸ਼ਰਮਾ ਅਤੇ ਮਨਾਲੀ ਯੂਨੀਅਨ ਦੇ ਪ੍ਰਧਾਨ ਅਭੀ ਠਾਕੁਰ ਨੇ ਦੋਸ਼ ਲਗਾਇਆ ਕਿ ਸਰਹੱਦੀ ਐਂਟਰੀ ਪੁਆਇੰਟਾਂ 'ਤੇ ਠੇਕੇਦਾਰਾਂ ਵਲੋਂ ਤੈਅ ਮਾਪਦੰਡਾਂ ਤੋਂ ਵੱਧ ਗੈਰਕਾਨੂੰਨੀ ਵਸੂਲੀ ਕੀਤੀ ਜਾ ਰਹੀ ਹੈ, ਜਿਸ ਨਾਲ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ | ਸੰਘਰਸ਼ਕਾਰੀਆਂ ਨੇ ਕਿਹਾ ਕਿ ਸਰਕਾਰਾਂ ਨੂੰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਵਸੂਲੀ ਜਾਰੀ ਹੈ ਅਤੇ ਠੇਕੇਦਾਰ ਧੱਕੇਸ਼ਾਹੀ ਨਾਲ ਕੰਮ ਕਰ ਰਹੇ ਹਨ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਇੱਕ ਨੈਸ਼ਨਲ ਹਾਈਵੇ 'ਤੇ ਦੋ ਟੋਲ ਲਗਾਉਣਾ ਕਾਨੂੰਨੀ ਨਿਯਮਾਂ ਦੇ ਖ਼ਿਲਾਫ਼ ਹੈ ਅਤੇ ਕਈ ਥਾਵਾਂ 'ਤੇ ਇਹ ਉਲੰਘਣਾ ਸਪਸ਼ਟ ਹੈ | ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਬਾਹਰੀ ਸੂਬਿਆਂ ਦੇ ਵਾਹਨਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ, ਜੋ ਨਿਯਮਾਂ ਦੀ ਉਲੰਘਣਾ ਹੈ | ਇਸ ਪਿਛੋਕੜ ਵਿਚ ਹਿਮਾਚਲ ਦੀਆਂ ਟੈਕਸੀ ਯੂਨੀਅਨਾਂ ਨੇ ਐਲਾਨ ਕੀਤਾ ਕਿ ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇ 'ਤੇ ਗਰਾ ਟੋਲ ਪਲਾਜਾ ਤੋਂ ਵੱਡਾ ਐਕਸ਼ਨ ਸ਼ੁਰੂ ਕੀਤਾ ਜਾਵੇਗਾ | ਪੰਜਾਬ ਵਲੋਂ ਵੀ ਵੱਖ-ਵੱਖ ਜਥੇਬੰਦੀਆਂ ਪਹਿਲਾਂ ਹੀ ਹਾਈਵੇ ਜਾਮ ਕਰਕੇ ਰੋਸ ਜਤਾ ਚੁੱਕੀਆਂ ਹਨ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਤੁਰੰਤ ਗੈਰਕਾਨੂੰਨੀ ਵਸੂਲੀ ਬੰਦ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |