ਰੂਪਨਗਰ, 7 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਨੂੰ ਬਾਰ-ਬਾਰ ਰੱਦ ਕਰਨ ਦੇ ਮਾਮਲੇ 'ਤੇ ਰੋਸ ਵਧਦਾ ਜਾ ਰਿਹਾ ਹੈ | ਮੋਰਚੇ ਦੇ ਆਗੂਆਂ ਨੇ ਇਸ ਰਵਾਇਤੀ ਤਰੀਕੇ ਦੀ ਨਿੰਦਾ ਕਰਦਿਆਂ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾਏ ਹਨ | ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣਾਈ ਗਈ ਸਬ ਕਮੇਟੀ ਵੀ ਹੁਣ ਉਸੇ ਰਾਹ 'ਤੇ ਚੱਲ ਰਹੀ ਹੈ | ਲਿਖਤੀ ਤੌਰ 'ਤੇ ਮੀਟਿੰਗ ਦੇਣ ਤੋਂ ਬਾਅਦ ਐਨ ਮੌਕੇ 'ਤੇ ਉਸਨੂੰ ਰੱਦ ਕਰਨਾ ਇੱਕ ਆਮ ਪ੍ਰਥਾ ਬਣ ਚੁੱਕੀ ਹੈ | ਇਸ ਸਬੰਧੀ ਸਰਕਲ ਅਤੇ ਬ੍ਰਾਂਚ ਪ੍ਰਧਾਨ ਸੋਹਣ ਸਿੰਘ ਸੋਨੂੰ, ਜਗਜੀਤ ਸਿੰਘ ਬਹਿਰਾਮਪੁਰ, ਸਤਨਾਮ ਸਿੰਘ ਸਰਸਾ ਨੰਗਲ ਅਤੇ ਮੋਰਿੰਡਾ ਬ੍ਰਾਂਚ ਪ੍ਰਧਾਨ ਜਸਪਾਲ ਸਿੰਘ ਨੇ ਸਾਂਝੇ ਤੌਰ 'ਤੇ ਆਪਣਾ ਰੋਸ ਜ਼ਾਹਰ ਕੀਤਾ | ਉਨ੍ਹਾਂ ਕਿਹਾ ਕਿ ਅੱਜ ਵੀ ਸਬ ਕਮੇਟੀ ਵਲੋਂ ਲਿਖਤੀ ਤੌਰ 'ਤੇ ਤੈਅ ਕੀਤੀ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ, ਜਿਸ ਦੇ ਵਿਰੋਧ ਵਿੱਚ ਸਥਾਨਕ ਡਿਵੀਜ਼ਨ ਦਫ਼ਤਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਟਕਰਾਊ ਅਤੇ ਪਾਟਕ ਪਾਊ ਨੀਤੀਆਂ ਲਾਗੂ ਕਰਕੇ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ | ਯੂਨੀਅਨ ਨੇ ਐਲਾਨ ਕੀਤਾ ਕਿ ਜ਼ਰੂਰਤ ਪੈਣ 'ਤੇ ਬੱਚਾ-ਬੱਚਾ ਸੰਘਰਸ਼ ਦੇ ਮੈਦਾਨ 'ਚ ਉਤਾਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਰੂਪਨਗਰ ਵਿਚ ਜਦੋਂ ਵੀ ਮਾਣਯੋਗ ਮੁੱਖ ਮੰਤਰੀ ਦਾ ਦੌਰਾ ਹੋਵੇਗਾ, ਉਨ੍ਹਾਂ ਦਾ ਕਾਲੀਆਂ ਝੰਡੀਆਂ ਅਤੇ ਤਿੱਖੇ ਸਵਾਲਾਂ ਨਾਲ ਵਿਰੋਧ ਕੀਤਾ ਜਾਵੇਗਾ | ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਪਹਿਲਾਂ ਇਨਲਿਸਟਮੈਂਟ ਅਤੇ ਆਉਟਸੋਰਸ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਦੇ ਕਾਰਜਕਾਲ ਦੇ ਅੰਤਲੇ ਪੜਾਅ ਵਿਚ ਵੀ ਇਸ ਦਿਸ਼ਾ ਵਿਚ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਆਉਣ ਵਾਲੇ ਵੱਡੇ ਸੰਘਰਸ਼ ਦਾ ਕੇਵਲ ਇਕ ਸੰਕੇਤ ਹੈ | ਇਸ ਮੌਕੇ ਬਲਵਿੰਦਰ ਸਿੰਘ ਬਡਾਲੀ, ਵਰਿੰਦਰ ਸਿੰਘ ਮਕੜੌਣਾ (ਚਮਕੌਰ ਸਾਹਿਬ), ਸੁਦੇਸ਼ ਕੁਮਾਰ, ਬਲਵਿੰਦਰ ਸਿੰਘ ਲੌਦੀ ਮਾਜਰਾ ਸਮੇਤ ਹੋਰ ਸਾਥੀ ਵੀ ਮੌਜੂਦ ਰਹੇ |