ਘਨੌਲੀ, 8 ਅਪ੍ਰੈਲ (ਜਸਵੀਰ ਸਿੰਘ)-ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ ਘਨੌਲੀ ਵਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਦੀ ਮਹਾਨਤਾ ਨੂੰ ਜਾਣੂ ਕਰਵਾਉਣ ਲਈ ਮੁਫ਼ਤ ਦਸਤਾਰ ਸਿਖਲਾਈ ਕੈਂਪਾਂ ਦੀ ਸ਼ੁਰੂਆਤ ਹੋਈ ਹੈ | ਇਸ ਸਬੰਧੀ ਧਰਮ ਪ੍ਰਚਾਰ ਵੈੱਲਫੇਅਰ ਸੋਸਾਇਟੀ ਘਨੌਲੀ ਦੇ ਪ੍ਰਧਾਨ ਪ੍ਰਦੀਪ ਸਿੰਘ ਘਨੌਲੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਜਿੱਥੇ ਘਨੌਲੀ ਵਿਖੇ ਦਸਤਾਰ ਸਿਖਲਾਈ ਦੀ ਕੈਂਪ ਸ਼ੁਰੂ ਹੋਏ ਹਨ, ਉੱਥੇ ਹੀ ਭਰਤਗੜ੍ਹ, ਬਿੱਕੋ, ਮਲਕਪੁਰ, ਖੁਆਸਪੁਰਾ, ਲੋਦੀ ਮਾਜਰਾ ਵਿਖੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਏ ਜਾਂਦੇ ਹਨ | ਜੋ ਕਿ ਨੌਜਵਾਨ ਵੀਰ ਤੇ ਕੈਂਪ ਪ੍ਰਬੰਧਕ ਬਲਜੀਤ ਸਿੰਘ, ਅੰਗਦ ਵੀਰ ਸਿੰਘ ਤੇ ਹੋਰ ਵੀਰਾਂ ਵਲੋਂ ਵਧੀਆ ਤਰੀਕੇ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੰਦੇ ਹਨ ਉੱਥੇ ਹੀ ਵੀਰ ਬਲਵਿੰਦਰ ਸਿੰਘ ਵਲੋਂ ਨਾਲ ਨਾਲ ਬੱਚਿਆਂ ਨੂੰ ਗੁਰਮਤਿ ਨਾਲ ਵੀ ਜੋੜਿਆ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੈਂਪਾਂ 'ਚ ਵੱਡੀ ਗਿਣਤੀ ਵਿਚ ਬੱਚੇ ਨੌਜਵਾਨ ਆ ਕੇ ਇਹਨਾਂ ਕੈਂਪਾਂ ਦਾ ਭਰਪੂਰ ਲਾਹਾ ਲੈ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਘਨੌਲੀ ਤੋਂ ਸ਼ਾਮ 3 ਵਜੇ ਦਸਤਾਰ ਮਾਰਚ ਕੱਢਿਆ ਜਾਵੇਗਾ |