ਨੂਰਪੁਰ ਬੇਦੀ, 8 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਬੁੱਧਵਾਰ ਨੂੰ ਸਵੇਰ ਤੋਂ ਪਏ ਭਾਰੀ ਮੀਂਹ ਕਾਰਨ ਨੂਰਪੁਰ ਬੇਦੀ ਇਲਾਕੇ 'ਚ ਵੱਡੇ ਪੱਧਰ 'ਤੇ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ | ਕਣਕ ਦੀ ਫ਼ਸਲ ਨੂੰ ਕੱਟਣ ਲਈ ਲੇਬਰ ਦੀ ਭਾਲ ਕਰਦੇ ਕਿਸਾਨਾਂ ਲਈ ਹੁਣ ਕੁਦਰਤ ਦੀ ਮਾਰ ਪੈ ਗਈ | ਖੇਤਾਂ ਵਿਚ ਪੱਕੀ ਖੜ੍ਹੀ ਕਣਕ ਨੂੰ ਤੇਜ਼ ਵਰਖਾ ਨੇ ਨਸ਼ਟ ਕਰ ਦਿੱਤਾ ਹੈ | ਨੂਰਪੁਰ ਬੇਦੀ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਖੇਤਾਂ ਵਿਚ ਕਣਕਾਂ ਤੇਜ਼ ਹਨੇਰੀ ਅਤੇ ਮੀਂਹ ਕਾਰਨ ਵਿਛ ਗਈਆਂ ਹਨ | ਜਿਸ ਕਰਕੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ ਇਲਾਕੇ ਦੇ ਕਰੀਬ 30 ਫੀਸਦੀ ਖੇਤਾਂ ਵਿਚ ਕਣਕਾਂ ਦੀ ਫ਼ਸਲ ਡਿਗ ਗਈ ਹੈ, ਜਿਸ ਨਾਲ ਕਣਕ ਦੇ ਝਾੜ 'ਚ ਵੱਡੇ ਪੱਧਰ 'ਤੇ ਕਮੀ ਹੋ ਸਕਦੀ ਹੈ | ਕੁੱਝ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਠੇਕੇ 'ਤੇ ਖੇਤ ਲੈ ਕੇ ਕਣਕ ਦੀ ਬੀਜੀ ਸੀ ਪਰ ਹੁਣ ਕੁਦਰਤ ਦੀ ਮਾਰ ਨੇ ਉਨ੍ਹਾਂ ਦਾ ਸਭ ਕੁੱਝ ਨਸ਼ਟ ਕਰ ਦਿੱਤਾ ਹੈ | ਕਿਸਾਨਾਂ ਨੇ ਦੱਸਿਆ ਕਿ ਵਰਖਾ ਕਾਰਨ ਡਿੱਗੀ ਕਣਕ ਵਿਚੋਂ ਹੁਣ ਝਾੜ ਘਟਣ ਕਾਰਨ ਲਾਗਤ ਵੀ ਪੂਰੀ ਨਹੀਂ ਹੋਣੀ ਹੈ | ਕਿਸਾਨਾਂ ਨੇ ਦੱਸਿਆ ਕਿ ਹਰ ਵਾਰ ਹਾੜ੍ਹੀ ਤੇ ਸਾੳਣੀ ਦੀ ਫ਼ਸਲ ਮੌਕੇ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ ਅਤੇ ਕਦੀ ਵੀ ਕੋਈ ਮੁਆਵਜ਼ਾ ਨਹੀਂ ਮਿਲਦਾ | ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਰਬਾਦ ਹੋਈ ਫ਼ਸਲ ਦੀ ਤੁਰੰਤ ਭਰਪਾਈ ਕਰਵਾਈ ਜਾਵੇ |