ਰੂਪਨਗਰ, 11 ਅਪ੍ਰੈਲ (ਸਟਾਫ਼ ਰਿਪੋਰਟਰ)-ਮੈਡਮ ਅਮਰਜੀਤ ਕੌਰ ਦੇ ਸੇਵਾਮੁਕਤ ਹੋਣ ਉਪਰੰਤ ਉਨ੍ਹਾਂ ਦੇ ਸਨਮਾਨ ਵਿਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਮੈਡਮ ਅਮਰਜੀਤ ਕੌਰ ਨੇ ਸਿੱਖਿਆ ਵਿਭਾਗ ਵਿਚ ਬਤੌਰ ਸਾਇੰਸ ਮਿਸਟਰੈੱਸ 20 ਮਈ 1994 ਨੂੰ ਸਰਕਾਰੀ ਹਾਈ ਸਕੂਲ ਟਿੱਬਾ ਟੱਪਰੀਆਂ, ਜ਼ਿਲ੍ਹਾ ਰੋਪੜ ਵਿਖੇ ਸੇਵਾ ਸ਼ੁਰੂ ਕੀਤੀ ਸੀ, ਬਾਅਦ ਵਿਚ ਬਦਲੀ ਹੋਣ ਉਪਰੰਤ 31 ਮਾਰਚ 2019 ਨੂੰ ਸਕੂਲ ਆਫ ਐਮੀਨੈਂਸ, ਰੂਪਨਗਰ ਵਿਖੇ ਬਤੌਰ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ 31 ਮਾਰਚ 2026 ਨੂੰ ਸੇਵਾਮੁਕਤ ਹੋ ਗਏ | ਉਨ੍ਹਾਂ ਦੇ ਪਤੀ ਡਾ. ਦਿਲਾਵਰ ਸਿੰਘ ਵੀ ਡੀ.ਐਸ.ਸੀ.ਓ ਅਹੁਦੇ ਤੋਂ ਸੇਵਾਮੁਕਤ ਹੋਏ ਹਨ | ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਹਰਮਨ ਸਿੰਘ ਅਤੇ ਧੀ ਡਾ. ਹਰਲੀਨ ਕੌਰ ਹਨ, ਜੋ ਕਿ ਡੈਂਟਿਸਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਮੈਡਮ ਅਮਰਜੀਤ ਕੌਰ ਆਪਣੇ ਮਿੱਠੇ ਸੁਭਾਅ ਅਤੇ ਨਿਮਰ ਵਿਹਾਰ ਲਈ ਜਾਣੇ ਜਾਂਦੇ ਹਨ | ਉਨ੍ਹਾਂ ਦੇ ਸੇਵਾ ਮੁਕਤੀ ਸਮਾਗਮ ਵਿਚ ਹਰਬੰਸ ਸਿੰਘ ਕੰਧੋਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਗੁਰਮੀਤ ਸਿੰਘ ਮਕੜੋਨਾ, ਤੇਜਪਾਲ ਸਿੰਘ ਸਿੱਧੂ ਪ੍ਰੈੱਸ ਸਕੱਤਰ ਜ਼ਿਲ੍ਹਾ ਰੋਪੜ, ਗੁਰਿੰਦਰ ਸਿੰਘ ਗੋਗੀ, ਹਰਪ੍ਰੀਤ ਸਿੰਘ ਬਸੰਤ ਆਦਿ ਆਗੂਆਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ |