ਨੰਗਲ, 14 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੰਗਲ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਨਤਮਸਤਕ ਹੋਣ ਲਈ ਪਹੁੰਚੀਆਂ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਣ ਲਈ ਦਰਿਆ ਸਤਲੁਜ ਦੇ ਕਿਨਾਰੇ ਸ਼ੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਨਤਮਸਤਕ ਹੋ ਰਹੀਆਂ ਹਨ | ਦੱਸਣਯੋਗ ਹੈ ਕਿ ਇਸ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚੌਪਈ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕੀਤਾ ਸੀ ਅਤੇ ਇੱਥੇ ਹਰ ਸਾਲ ਭਾਦਰੋਂ ਸ਼ੁਦੀ ਅਸ਼ਟਮੀ ਨੂੰ ਸਾਲਾਨਾ ਜੋੜ ਮੇਲਾ ਜੋ ਕਿ ਸ੍ਰੀ ਚੌਪਈ ਉਚਾਰਨ ਦਿਵਸ ਵਜੋਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਜਾਂਦਾ ਹੈ | ਇਸ ਅਸਥਾਨ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਇੱਥੇ ਸੰਗਤਾਂ ਲਈ ਲੰਗਰਾਂ, ਰਿਹਾਇਸ਼ ਅਤੇ ਪਾਰਕਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਇਸਦੇ ਨਾਲ ਹੀ ਨੰਗਲ ਸ਼ਹਿਰ ਵਿਚ ਸਤਲੁਜ ਦਰਿਆ ਦੇ ਕੰਢੇ ਸ਼ੁਸ਼ੋਭਿਤ ਗੁਰਦੁਆਰਾ ਸ੍ਰੀ ਘਾਟ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਵੀ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਇਸ ਤੋਂ ਇਲਾਵਾ ਅੱਜ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਬਰਾਰੀ, ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ ਅਤੇ ਨੰਗਲ- ਚੰਡੀਗੜ ੍ਹ ਮੁੱਖ ਮਾਰਗ ਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਪ੍ਰੇਮ ਸਿੰਘ ਬੰਦਲੈਹੜੀ ਵਾਲਿਆਂ ਵਲੋਂ ਵੀ ਸੰਗਤਾਂ ਲਈ ਪਿਛਲੇ ਦਿਨਾਂ ਤੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ | ਇਸੇ ਤਰ੍ਹਾਂ ਹੀ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ 'ਚ ਪੈਂਦੇ ਬ੍ਰਹਮਾਹੋਤੀ ਮੰਦਰ, ਪੰਜਗਾਠੜਾ ਘਾਟ ਅਤੇ ਕਿਸ਼ਤੀ ਘਾਟ ਨੰਗਲ ਵਿਖੇ ਵੀ ਸਤਲੁਜ ਦਰਿਆ ਵਿਚ ਹਜ਼ਾਰਾਂ ਸੰਗਤਾਂ ਇਸ਼ਨਾਨ ਕਰਨ ਅਤੇ ਮੰਦਰ ਮੱਥਾ ਟੇਕਣ ਲਈ ਪਹੁੰਚੀਆਂ |