ਨੂਰਪੁਰ ਬੇਦੀ, 18 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ 20 ਅਪ੍ਰੈਲ ਨੂੰ ਮੋਹਾਲੀ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚਨੌਲੀ ਦੀ ਅਗਵਾਈ 'ਚ ਬੀ.ਡੀ.ਪੀ.ਓ. ਦਫ਼ਤਰ ਨੂਰਪੁਰ ਬੇਦੀ ਵਿਖੇ ਹੋਈ | ਮੀਟਿੰਗ ਉਪਰੰਤ ਬੀ.ਡੀ.ਪੀ.ਓ ਨੂਰਪੁਰਬੇਦੀ ਅਮਰੀਕ ਸਿੰਘ ਨੂੰ ਵਿਕਾਸ ਭਵਨ ਮੋਹਾਲੀ ਵਿਖੇ 20 ਅਪ੍ਰੈਲ ਨੂੰ ਦਿੱਤੇ ਜਾਣ ਵਾਲੇ ਵਿਸ਼ਾਲ ਸੂਬਾ ਪੱਧਰੀ ਧਰਨੇ ਸਬੰਧੀ ਮੰਗ ਪੱਤਰ ਸਾਂਝੇ ਰੂਪ ਵਿਚ ਦਿੱਤਾ ਗਿਆ | ਜ਼ਿਲ੍ਹਾ ਰੂਪਨਗਰ ਦੇ ਪ੍ਰੈੱਸ ਸਕੱਤਰ ਸਤਨਾਮ ਸਿੰਘ ਅਬਿਆਣਾ ਨੇ ਦੱਸਿਆ ਕਿ ਨਰੇਗਾ ਮੁਲਾਜ਼ਮ ਪਿਛਲੇ ਲਗਭਗ 17-18 ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਹਨ, ਮੁਲਾਜ਼ਮਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆ | ਉਹਨਾਂ ਦੱਸਿਆ ਕਿ ਸਰਕਾਰ ਆਉਣ ਤੋਂ ਪਹਿਲਾਂ ਸਰਕਾਰ ਨੇ ਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਵੀ ਕੀਤਾ ਸੀ ਕਿ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਨਰੇਗਾ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਪੰਚਾਇਤ ਵਿਭਾਗ ਵਿਚ ਪੱਕਾ ਕੀਤਾ ਜਾਵੇਗਾ | ਪ੍ਰੰਤੂ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਰੇਗਾ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਗਈ | ਜਿਸ ਕਰਕੇ ਪੰਜਾਬ ਯੂਨੀਅਨ ਦੇ ਫੈਸਲੇ ਅਨੁਸਾਰ 20 ਅਪ੍ਰੈਲ ਨੂੰ ਵਿਕਾਸ ਭਵਨ ਮੋਹਾਲੀ ਵਿਖੇ ਇੱਕ ਦਿਨ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਜਿਸ ਵਿਚ ਸਾਰੇ ਪੰਜਾਬ ਦੇ ਨਰੇਗਾ ਮੁਲਾਜ਼ਮਾਂ ਵਲੋਂ ਵੱਡੀ ਗਿਣਤੀ ਵਿਚ ਪੁੱਜਣਗੇ ਅਤੇ ਪੰਜਾਬ ਸਰਕਾਰ ਖਿਲਾਫ ਖੁੱਲ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਧਰਨੇ ਵਿਚ ਰੂਪਨਗਰ ਜ਼ਿਲੇ ਦੇ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਪੁੱਜਣਗੇ | ਜਿਸ ਲਈ ਡਿਊਟੀਆਂ ਲਗਾਈਆਂ ਗਈਆ ਹਨ | ਇਸ ਮੌਕੇ 'ਤੇ ਪ੍ਰਧਾਨ ਕੁਲਦੀਪ ਸਿੰਘ ਚਨੌਲੀ, ਜਸਪਾਲ ਸਿੰਘ ਗਰੇਵਾਲ, ਸਤਨਾਮ ਸਿੰਘ ਅਬਿਆਣਾ, ਮਨਦੀਪ ਸਿੰਘ, ਕਪਿਲ ਚੌਹਾਨ, ਰਵੀ, ਜਗਜੀਤ ਸਿੰਘ ਜੇ.ਈ, ਮੈਡਮ ਮਨਪ੍ਰੀਤ ਕੌਰ ਸੀਏ, ਜਿੰਦਰ ਪਾਲ ਆਦਿ ਨਰੇਗਾ ਮੁਲਾਜ਼ਮ ਹਾਜ਼ਰ ਸਨ |