ਮੋਰਿੰਡਾ, 20 ਅਪ੍ਰੈਲ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਢੋਲਣ ਮਾਜਰਾ ਵਿਖੇ ਕਣਕ ਦੀ ਖੜ੍ਹੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਕਾਰਨ ਫ਼ਸਲ ਸੜ ਕੇ ਸੁਆਹ ਹੋ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਸਾਡੇ ਖੇਤਾਂ ਉਪਰੋਂ ਬਿਜਲੀ ਵਿਭਾਗ ਦੀ ਮੇਨ ਲਾਈਨ ਜਾ ਰਹੀ ਹੈ | ਤਾਰਾਂ ਬਹੁਤ ਢਿੱਲੀਆਂ ਹਨ | ਬਿਜਲੀ ਦੀ ਤਾਰ 'ਤੇ ਕਿਸੇ ਜਾਨਵਰ ਦੇ ਬੈਠਣ ਕਾਰਨ ਬਿਜਲੀ ਦੀਆਂ ਦੋਵੇਂ ਤਰ੍ਹਾਂ ਆਪਸ ਵਿਚ ਟਕਰਾ ਗਈਆਂ | ਜਿਸ ਕਾਰਨ ਅਕਾਲੀ ਆਗੂ ਹਰਜੀਤ ਸਿੰਘ ਢੋਲਣ ਮਾਜਰਾ ਦੀ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ | ਅੱਗ ਲੱਗਣ ਕਾਰਨ ਕਿਸਾਨ ਹਰਜੀਤ ਸਿੰਘ ਦੀ ਇੱਕ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ | ਜਦੋਂ ਕਿ ਪਰਮਿੰਦਰ ਸਿੰਘ ਦੀ ਵੱਡੀ ਹੋਈ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ | ਜਦੋਂ ਕਣਕ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ, ਉਸ ਮੌਕੇ ਨਜ਼ਦੀਕ ਹੀ ਕੰਬਾਇਨ ਕਣਕ ਦੀ ਕਟਾਈ ਕਰ ਰਹੀ ਸੀ | ਉਸ ਸਮੇਂ ਹਾਜ਼ਰ ਸਾਰੇ ਵਿਅਕਤੀ ਅੱਗ 'ਤੇ ਕਾਬੂ ਪਾਉਣ ਲਈ ਯਤਨ ਕਰਨ ਲੱਗੇ | ਇਸੇ ਮੌਕੇ ਮੋਰਿੰਡਾ ਤੋਂ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ | ਇਸ ਸਬੰਧੀ ਆੜਤੀ ਅਬੀਜੀਤ ਸਿੰਘ ਸੋਨੂੰ, ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਰੂਪਨਗਰ ਦੇ ਸ੍ਰਪਰਸਤ ਪ੍ਰਗਟ ਸਿੰਘ ਰੌਲੂ ਮਾਜਰਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀੜਤ ਕਿਸਾਨ ਹਰਜੀਤ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ ਦੀਪਾ, ਰਣਯੋਧ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ, ਮੇਹਰ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਪਾਲ ਸਿੰਘ ਕਲਾਰਾਂ ਆਦਿ ਕਿਸਾਨ ਆਗੂ ਹਾਜ਼ਰ ਸਨ |