ਘਨੌਲੀ, 20 ਅਪ੍ਰੈਲ (ਜਸਵੀਰ ਸਿੰਘ ਸੈਣੀ)-12ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ 2026 ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਦੌਰਾਨ ਬਿਹਤਰ ਪ੍ਰਦਰਸ਼ਨ ਕਰਦਿਆਂ ਰੂਪਨਗਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ | ਨੇੜਲੇ ਪਿੰਡ ਲੌਦੀਮਾਜਰਾ ਵਿਖੇ ਸਮਾਪਤ ਹੋਏ ਸਾਲਾਨਾ ਟੂਰਨਾਮੈਂਟ ਵਿੱਚੋਂ ਗੁਰਦਾਸਪੁਰ ਦੀ ਟੀਮ ਨੇ ਦੂਜਾ, ਜਦਕਿ ਫ਼ਤਿਹਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਟੂਰਨਾਮੈਂਟ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ 'ਚ ਸਬ-ਜੂਨੀਅਰ ਵਰਗ ਵਿਚੋਂ ਬਿਹਤਰੀਨ ਗਤਕੇਬਾਜ ਦੀ ਟਰਾਫ਼ੀ ਬਲਜੋਤ ਸਿੰਘ ਰੂਪਨਗਰ, ਜੂਨੀਅਰ ਵਰਗ ਵਿਚੋਂ ਦਿਲਰਾਜ ਸਿੰਘ ਅੰਮਿ੍ਤਸਰ ਅਤੇ ਸੀਨੀਅਰ ਵਰਗ ਵਿਚ ਅਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਬਿਹਤਰੀਨ ਖਿਡਾਰੀ ਦੀ ਟਰਾਫ਼ੀ ਹਾਸਲ ਕੀਤੀ | ਸਮਾਪਤੀ ਸਮਾਰੋਹ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵਲੋਂ ਜਾਰੀ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਗਤਕਾ ਖਿਡਾਰੀਆਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਰਾਜ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ | ਇਸ ਦੌਰਾਨ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਐਡਵੋਕੇਟ ਨੇ ਟੀਮਾਂ ਦੇ ਖਿਡਾਰੀਆਂ, ਰੈਫਰੀਆਂ ਅਤੇ ਕੋਚਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਂਝੀ ਮਿਹਨਤ ਸਦਕਾ ਗਤਕਾ ਖੇਡ ਲਗਾਤਾਰ ਤਰੱਕੀ ਦੇ ਰਾਹ ਤੇ ਹੈ | ਇਸ ਮੌਕੇ ਇੰਦਰਪਾਲ ਰਾਜੂ ਸਤਿਆਲ, ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਹਰਪ੍ਰੀਤ ਸਿੰਘ ਲੱਖੇਵਾਲ, ਅਮਨਿੰਦਰ ਸਿੰਘ ਰੀਹਲ, ਸੁਰਿੰਦਰ ਸਿੰਘ ਹਰੀਪੁਰ, ਜਗਦੀਪ ਸਿੰਘ ਥਲੀ, ਬੀਬੀ ਮਨਜੀਤ ਕੌਰ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਘਨੌਲੀ, ਗੁਰਵਿੰਦਰ ਸਿੰਘ ਰੂਪਨਗਰ, ਗੁਰਪ੍ਰੀਤ ਸਿੰਘ, ਚੀਫ਼ ਰੈਫਰੀ ਨਰਿੰਦਰ ਸਿੰਘ ਪਾਰਸ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ |