ਮੁੱਲਾਂਪੁਰ ਗਰੀਬਦਾਸ, 26 ਅਪ੍ਰੈਲ (ਖੈਰਪੁਰ)-ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਮਾਜਰੀ ਵਿਖੇ ਹਰ ਵਾਰ ਦੀ ਤਰ੍ਹਾਂ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਰਵਿੰਦਰ ਸਿੰਘ ਬਜੀਦਪੁਰ ਨੇ ਦੱਸਿਆ ਕਿ ਇਸ ਸਮਾਗਮ 'ਚ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ | ਇਸ ਮੌਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ, ਇਸ ਉਪਰੰਤ ਭਾਈ ਬਘੇਲ ਸਿੰਘ ਕੁਰਾਲੀ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਹਰ ਜਸ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਦੌਰਾਨ ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਹਰਮਨ ਵਲੋਂ ਸੇਵਾਦਾਰ ਭਾਈ ਲਵਪ੍ਰੀਤ ਸਿੰਘ ਬੂਥਗੜ੍ਹ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ |