ਰੂਪਨਗਰ, 2 ਮਈ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪਿੰਡ ਬੜੀ ਹਵੇਲੀ ਵਿਚ ਲੱਖਾਂ ਰੁਪਏ ਦੀ ਚੋਰੀ ਤੋਂ ਬਾਅਦ ਅੱਜ ਸ਼ਹਿਰ ਦੀ ਅਮਰ ਕਲੋਨੀ ਵਿਚ ਇੱਕ ਹੋਰ ਵੱਡੀ ਚੋਰੀ ਦੀ ਘਟਨਾ ਵਾਪਰੀ ਹੈ | ਜਾਣਕਾਰੀ ਅਨੁਸਾਰ ਥਾਣਾ ਸਦਰ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਸਥਿਤ ਅਮਰ ਕਲੋਨੀ ਵਿਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ | ਚੋਰ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਲਗਭਗ 10 ਤੋਂ 12 ਲੱਖ ਰੁਪਏ ਕੀਮਤ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਇਸ ਘਟਨਾ ਦੌਰਾਨ ਕੁੱਝ ਸ਼ੱਕੀ ਵਿਅਕਤੀ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਏ ਹਨ ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ | ਪੁਲਿਸ ਵਲੋਂ ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਘਰ ਦੀ ਮਾਲਕਣ ਅਰੁਣ ਬਾਲਾ ਨੇ ਦੱਸਿਆ ਕਿ ਉਹ ਘਰ ਤੋਂ ਬਾਹਰ ਗਏ ਹੋਏ ਸਨ ਤੇ ਵਾਪਸੀ 'ਤੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ | ਉਨ੍ਹਾਂ ਦੱਸਿਆ ਕਿ ਚੋਰ ਕੀਮਤੀ ਗਹਿਣੇ ਤੇ ਨਕਦੀ ਲੈ ਗਏ ਹਨ | ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ |