ਨੰਗਲ, 8 ਮਈ (ਪ੍ਰੀਤਮ ਸਿੰਘ ਬਰਾਰੀ)- ਆਮ ਆਦਮੀ ਪਾਰਟੀ ਨੰਗਲ ਨਗਰ ਕੌਂਸਲ ਚੋਣਾਂ ਵਿਚ ਜਾਅਲੀ ਵੋਟਾਂ ਬਣਾ ਕੇ ਲੋਕਤੰਤਰੀ ਪ੍ਰਕਿਰਿਆ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ | ਭਾਰਤੀ ਜਨਤਾ ਪਾਰਟੀ ਨੇ 200-300 ਜਾਅਲੀ ਵੋਟਾਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ | ਇਹ ਗੰਭੀਰ ਦੋਸ਼ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵਲੋਂ ਆਮ ਆਦਮੀ ਪਾਰਟੀ 'ਤੇ ਲਿਖਤੀ ਪੈੱ੍ਰਸ ਬਿਆਨ ਜਾਰੀ ਕਰਕੇ ਲਗਾਏ ਗਏ | ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਅਜਿਹੀਆਂ ਲੋਕਤੰਤਰ ਵਿਰੋਧੀ ਕਾਰਵਾਈਆਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 'ਆਪ' ਲਗਾਤਾਰ ਗ਼ਲਤ ਤਰੀਕਿਆਂ ਨਾਲ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਡਾ. ਸ਼ਰਮਾ ਨੇ ਲੋਕਤੰਤਰ ਦੀ ਰੱਖਿਆ ਲਈ ਇਸ ਲੜਾਈ 'ਚ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਇੱਕਜੁੱਟ ਹੋਣ ਦਾ ਸੱਦਾ ਦਿੱਤਾ | ਉਨ੍ਹਾਂ ਪਾਰਟੀ ਵਰਕਰਾਂ ਤੇ ਆਮ ਜਨਤਾ ਨੂੰ ਨਗਰ ਕੌਂਸਲ ਵਿਚ ਹੋ ਰਹੀਆਂ ਬੇਨਿਯਮੀਆਂ ਨੂੰ ਰੋਕਣ ਤੇ ਨੰਗਲ ਵਿਚ ਸਾਫ਼-ਸੁਥਰੇ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਭਾਜਪਾ ਲੋਕਤੰਤਰ ਦੀ ਰੱਖਿਆ ਲਈ ਵਚਨਬੱਧ ਹੈ ਤੇ ਕਿਸੇ ਵੀ ਕੀਮਤ 'ਤੇ ਧੋਖਾਧੜੀ ਨਹੀਂ ਹੋਣ ਦੇਵੇਗੀ | ਪ੍ਰਸ਼ਾਸਨ ਨੂੰ ਤੁਰੰਤ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ |