ਰੂਪਨਗਰ, 11 ਮਈ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਰੋਪੜ ਵਲੋਂ ਸਹਿਕਾਰੀ ਸਭਾਵਾਂ ਦੇ ਨਵੇਂ ਵਧਾਏ ਹੱਦ ਕਰਜੇ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਦੀ ਅਗਵਾਈ ਹੇਠ ਕੇਂਦਰੀ ਸਹਿਕਾਰੀ ਬੈਂਕ ਰੋਪੜ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ | ਇਸ ਦੌਰਾਨ ਕੋਆਪਰੇਟਿਵ ਬੈਂਕ ਦੇ ਐਮ.ਡੀ. ਅਤੇ ਮੈਨੇਜਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਜ਼ਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ ਮਿਤੀ 10 ਅਪ੍ਰੈਲ 2026 ਨੂੰ ਹਾੜ੍ਹੀ-ਸਾਉਣੀ ਫਸਲਾਂ, ਮੱਛੀ ਪਾਲਣ, ਪਸ਼ੂ ਪਾਲਣ, ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ ਸਮੇਤ ਹੋਰ ਵੱਖ-ਵੱਖ ਖੇਤੀਬਾੜੀ ਕਾਰਜਾਂ ਲਈ ਸਾਲ 2026-27 ਦੇ ਸਹਿਕਾਰੀ ਖੇਤੀਬਾੜੀ ਕਰਜਿਆਂ ਸਬੰਧੀ ਸਕੇਲ ਆਫ਼ ਫਾਈਨਾਂਸ ਵਿਚ ਵਾਧਾ ਕੀਤਾ ਗਿਆ ਸੀ | ਇਸ ਦੇ ਅਧਾਰ 'ਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਕਿਸਾਨਾਂ ਤੋਂ ਜਰੂਰੀ ਦਸਤਾਵੇਜ਼, ਜਮਾਂਬੰਦੀਆਂ ਅਤੇ ਹੋਰ ਕਾਗਜ਼ਾਤ ਲੈ ਕੇ ਨਵੇਂ ਐਮ.ਸੀ.ਐਲ. ਤਿਆਰ ਕਰਕੇ ਬੈਂਕ ਵਿਚ ਜਮ੍ਹਾਂ ਵੀ ਕਰਵਾ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਹੁਣ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ ਨਵੇਂ ਵਧਾਏ ਗਏ ਹੱਦ ਕਰਜੇ ਰੱਦ ਕਰਕੇ ਮੁੜ ਸਾਲ 2025-26 ਵਾਲੇ ਪੁਰਾਣੇ ਹੱਦ ਕਰਜੇ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜੋ ਕਿ ਕਿਸਾਨਾਂ ਨਾਲ ਧੱਕੇਸ਼ਾਹੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਬਹੁਤੇ ਕਿਸਾਨ ਖਾਦ, ਬੀਜ, ਡੀਜ਼ਲ, ਦਵਾਈਆਂ ਅਤੇ ਹੋਰ ਜਰੂਰੀ ਖੇਤੀਬਾੜੀ ਸਮਾਨ ਸਭਾਵਾਂ ਤੋਂ ਹੀ ਲੈਂਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਿਤ ਕਰਨ ਦੀਆਂ ਗੱਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਕਿਸਾਨ ਹਿਤੈਸ਼ੀ ਫੈਸਲਿਆਂ ਤੋਂ ਯੂ-ਟਰਨ ਲੈ ਰਹੀ ਹੈ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵਲੋਂ ਨਵੇਂ ਵਾਧੇ ਸਮੇਤ ਜਾਰੀ ਕੀਤੇ ਹੱਦ ਕਰਜੇ ਤੁਰੰਤ ਲਾਗੂ ਕੀਤੇ ਜਾਣ, ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਤਲਵਿੰਦਰ ਸਿੰਘ ਗੱਗੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਬੀ.ਕੇ.ਯੂ. ਕਾਦੀਆਂ, ਇਕਬਾਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਰੇਸ਼ਮ ਸਿੰਘ ਬਡਾਲੀ ਜ਼ਿਲ੍ਹਾ ਪ੍ਰਧਾਨ, ਰੁਪਿੰਦਰ ਸਿੰਘ ਰੂਪਾਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਰੋਪੜ, ਮੋਹਰ ਸਿੰਘ ਖ਼ਾਬੜਾਂ ਬਲਾਕ ਪ੍ਰਧਾਨ ਰੋਪੜ, ਲਖਬੀਰ ਸਿੰਘ ਕਾਜਲਾ ਜ਼ਿਲ੍ਹਾ ਪ੍ਰਧਾਨ ਸਹਿਕਾਰੀ ਸਭਾਵਾਂ, ਬਾਦਲ ਸਿੰਘ ਬਸੀ ਬਲਾਕ ਮੀਤ ਪ੍ਰਧਾਨ ਨੂਰਪੁਰ ਬੇਦੀ, ਗੁਰਚਰਨ ਸਿੰਘ ਪ੍ਰਧਾਨ ਚਨੌਲੀ ਸੋਸਾਇਟੀ ਅਤੇ ਗੁਰਮੇਲ ਸਿੰਘ ਬਾੜਾ ਸੀਨੀਅਰ ਕਿਸਾਨ ਆਗੂ ਨੇ ਸੰਬੋਧਨ ਕੀਤਾ | ਇਸ ਤੋਂ ਇਲਾਵਾ ਸੁਖਬੀਰ ਸਿੰਘ ਸੁੱਖਾ ਕੁਲ ਹਿੰਦ ਕਿਸਾਨ ਸਭਾ, ਅਮਰਜੀਤ ਸਿੰਘ ਕਕਰਾਲੀ ਬਲਾਕ ਪ੍ਰਧਾਨ ਮੋਰਿੰਡਾ, ਹਰਿੰਦਰ ਸਿੰਘ ਬਲਾਕ ਪ੍ਰਧਾਨ ਚਮਕੌਰ ਸਾਹਿਬ, ਜਸਵੰਤ ਸਿੰਘ ਗੈਕੀ, ਬਰਿੰਦਰ ਸਿੰਘ ਬਮਨਾੜਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਮੁਲਾਜਮ ਅਤੇ ਮਜ਼ਦੂਰ ਹਾਜ਼ਰ ਸਨ |