ਨੂਰਪੁਰ ਬੇਦੀ, 11 ਮਈ (ਰਾਜੇਸ਼ ਚੌਧਰੀ ਤਖ਼ਤਗੜ)- ਬੀਤੀ ਦੇਰ ਰਾਤ ਨੂਰਪੁਰ ਬੇਦੀ ਵਿਖੇ ਹੋਏ ਗੋਲੀਕਾਂਡ ਦੌਰਾਨ ਇਕ ਨੌਜਵਾਨ ਨੂੰ ਕੁਝ ਕਾਰ ਸਵਾਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸਦੇ ਸਬੰਧ 'ਚ ਸਥਾਨਕ ਪੁਲਿਸ ਨੇ ਮਾਮਲੇ 'ਚ ਨਾਮਜਦ ਕੀਤੇ ਗਏ 9 ਵਿਅਕਤੀਆਂ 'ਚੋਂ 3 ਮੁੱਖ ਸਾਜਿਸ਼ਕਰਤਾਵਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧ 'ਚ ਸਥਾਨਕ ਥਾਣਾ ਮੁਖੀ ਤੇ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਜਗਵੀਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਬੇਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੈਂ ਤੇ ਮੇਰਾ ਭਰਾ ਜਸਵੀਰ ਸਿੰਘ ਨੂਰਪੁਰਬੇਦੀ ਤੋਂ ਆਪਣਾ ਨਿਜੀ ਕੰਮ ਕਰਕੇ ਵਾਪਸ ਪਿੰਡ ਸ਼ਾਹਪੁਰ ਨੂੰ ਜਾ ਰਹੇ ਸਨ ਤਾਂ ਆਜ਼ਮਪੁਰ ਲਾਗੇ ਇਕ ਇਲੈਕਟਰਾਨਿਕਸ ਦੀ ਦੁਕਾਨ ਦੇ ਬਾਹਰ ਜਸਵੀਰ ਸਿੰਘ ਦਾ ਲੜਕਾ ਹਰਮੋਲ ਸਿੰਘ ਖੜਾ ਸੀ | ਜਦੋਂ ਮੈਂ ਤੇ ਮੇਰਾ ਭਰਾ ਜਸਵੀਰ ਸਿੰਘ ਉਨਾਂ ਨੂੰ ਮਿਲਣ ਲਈ ਸੜਕ ਕਰਾਸ ਕਰਨ ਲੱਗਾ ਤਾਂ ਰੂਪਨਗਰ ਸਾਈਡ ਤੋਂ 2 ਗੱਡੀਆਂ ਤੇਜ਼ ਰਫਤਾਰ ਨਾਲ ਆਈਆਂ ਜਿਨਾਂ 'ਚੋਂ ਅੱਗੇ ਆ ਰਹੀ ਕਾਰ 'ਚ ਗੁਰਵਿੰਦਰ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਪਿੰਡ ਨੌਧੇਮਾਜਰਾ, ਸਤਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਹੀਰਪੁਰ, ਅਦਿੱਤਿਆ ਪੁੱਤਰ ਪਵਨ ਕੁਮਾਰ ਨਿਵਾਸੀ ਪਿੰਡ ਨੂਰਪੁਰਬੇਦੀ, ਹਰਜੋਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਪਿੰਡ ਸ਼ਾਹਪੁਰ ਬੇਲਾ ਤੇ ਸਤਵੰਤ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਸੈਦਪੁਰ ਬੈਠੇ ਹੋਏ ਸਨ ਜਿਨਾਂ ਦੇ ਹੱਥ 'ਚ ਹਥਿਆਰ ਸਨ ਜਦਕਿ ਦੂਸਰੀ ਬਲੈਰੋ ਗੱਡੀ 'ਚ ਹਰਮਿੰਦਰ ਸਿੰਘ ਪੁੱਤਰ ਮੰਗਲ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਬੇਲਾ, ਦਰਬਾਰਾ ਸਿੰਘ ਪੁੱਤਰ ਜਗਤ ਸਿੰਘ ਨਿਵਾਸੀ ਪਿੰਡ ਹੀਰਪੁਰ, ਗੁਰਦੀਪ ਸਿੰਘ ਉਰਫ ਦੀਪਾ ਨਿਵਾਸੀ ਪਿੰਡ ਰਾਏਪੁਰ ਮੁੰਨੇ ਤੇ ਅਮਰੀਕ ਸਿੰਘ ਪੁੱਤਰ ਤੇਲੂ ਰਾਮ ਨਿਵਾਸੀ ਪਿੰਡ ਸ਼ਾਹਪੁਰ ਬੇਲਾ ਸਵਾਰ ਸਨ ਜਿਨਾਂ ਕੋਲ ਵੀ ਵੱਖ ਵੱਖ ਹਥਿਆਰ ਸਨ | ਉਪਰੰਤ ਹਰਜੋਤ ਸਿੰਘ ਤੇ ਸਤਿੰਦਰ ਸਿੰਘ ਨੇ ਆਪਣੇ ਹੱਥਾਂ 'ਚ ਫੜੇ ਹੋਏ ਹਥਿਆਰਾਂ ਨਾਲ ਹਰਮੋਲ ਸਿੰਘ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ | ਇਸ ਦੌਰਾਨ ਜਦੋਂ ਮੈਂ ਤੇ ਮੇਰੇ ਭਰਾ ਨੇ ਭੱਜ ਕੇ ਸੜਕ ਕਰਾਸ ਕੀਤੀ ਤਾਂ ਉਕਤ ਸਾਰੇ ਵਿਅਕਤੀ ਗੱਡੀਆਂ 'ਚ ਸਵਾਰ ਹੋ ਕੇ ਫਰਾਰ ਹੋ ਗਏ | ਇਸ ਦੌਰਾਨ ਹਰਮੋਲ ਸਿੰਘ ਦੀ ਛਾਤੀ 'ਚੋਂ ਖੂਨ ਵਗ ਰਿਹਾ ਸੀ ਤਾਂ ਮੈਂ, ਮੇਰੇ ਭਰਾ ਤੇ ਮੌਕੇ 'ਤੇ ਮੌਜੂਦ ਅਜਵਿੰਦਰ ਸਿੰਘ ਨੇ ਹੋਰਨਾਂ ਵਿਅਕਤੀਆਂ ਦੀ ਮਦਦ ਨਾਲ ਹਰਮੋਲ ਸਿੰਘ ਨੂੰ ਜ਼ਖਮੀਂ ਹਾਲਤ 'ਚ ਨਿਜੀ ਹਸਪਤਾਲ ਵਿਖੇ ਲਿਜਾਉਣ ਉਪਰੰਤ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚਾਇਆ | ਮਗਰ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ | ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਤਫਤੀਸ਼ 'ਚ ਉਕਤ ਮਾਮਲਾ ਪੁਰਾਣੀ ਰੰਜਿਸ਼ ਹੋਣ ਦਾ ਸਾਹਮਣਾ ਆਇਆ ਹੈ | ਉਨਾਂ ਆਖਿਆ ਕਿ ਉਕਤ ਮਾਮਲੇ 'ਚ ਨਾਮਜ਼ਦ ਉਕਤ ਕੁੱਲ 9 ਵਿਅਕਤੀਆਂ 'ਚੋਂ 3 ਮੁੱਖ ਸਾਜਿਸ਼ਕਰਤਾਵਾਂ ਹਰਜੋਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਪਿੰਡ ਸ਼ਾਹਪੁਰ ਬੇਲਾ, ਗੁਰਵਿੰਦਰ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਪਿੰਡ ਨੌਧੇਮਾਜਰਾ ਤੇ ਅਦਿੱਤਿਆ ਪੁੱਤਰ ਪਵਨ ਕੁਮਾਰ ਨਿਵਾਸੀ ਨੂਰਪੁਰਬੇਦੀ ਨੂੰ ਗਿ੍ਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ | ਉਨਾਂ ਇਹ ਵੀ ਦੱਸਿਆ ਕਿ ਇਸ ਗੋਲੀਕਾਂਡ 'ਚ 2 ਰੌਂਦ ਫਾਇਰ ਹੋਏ ਹਨ ਤੇ ਇਸਤੇਮਾਲ ਕੀਤੀ ਗਈ 12 ਬੋਰ ਦੀ ਰਾਈਫਲ ਅਤੇ ਦੋਵੇਂ ਗੱਡੀਆਂ ਨੂੰ ਕਾਬੂ ਕਰ ਲਿਆ ਗਿਆ ਹੈ | ਉਨਾਂ ਕਿਹਾ ਕਿ ਉਕਤ ਗਿ੍ਫਤਾਰ ਕੀਤੇ ਗਏ ਵਿਅਕਤੀਆਂ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਕਤਲ ਕਾਂਡ 'ਚ ਸ਼ਾਮਲ ਮੁੱਖ ਸਾਜਿਸ਼ਕਰਤਾ ਹਰਜੋਤ ਸਿੰਘ ਨੇ ਗਿ੍ਫਤਾਰ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਮੰਨਿਆ ਸੀ ਕਿ ਸਾਲ 2019 'ਚ ਮੇਰੇ ਭਰਾ ਸੁਖਵਿੰਦਰ ਸਿੰਘ ਦਾ ਹਰਮੋਲ ਸਿੰਘ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇੇ ਹੁਣ ਜ਼ਮਾਨਤ 'ਤੇ ਆਏੇ ਹਰਮੋਲ ਸਿੰਘ ਵਲੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਸੀ ਜਿਸ ਕਰਕੇ ਮੈਂ ਆਤਮ ਰੱਖਿਆ ਲਈ ਗੋਲੀ ਚਲਾਈ ਸੀ |
ਫਰਾਰ ਵਿਅਕਤੀਆਂ ਦੀ ਗਿ੍ਫ਼ਤਾਰੀ ਨਾ ਹੋਣ ਤੱਕ ਪਰਿਵਾਰ ਸੰਸਕਾਰ ਨਾ ਕਰਨ 'ਤੇ ਅੜਿਆ ਮਿ੍ਤਕ ਹਰਮੋਲ ਸਿੰਘ ਦੇ ਪਰਿਵਾਰ ਮੈਂਬਰਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਤੱਕ ਉਕਤ ਗੋਲੀਕਾਂਡ ਦੇ ਫਰਾਰ ਬਾਕੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਨੌਜਵਾਨ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ |
ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਦਾ ਮਾਮਲਾ 3 ਮੁੱਖ ਦੋਸ਼ੀ ਗਿ੍ਫ਼ਤਾਰ, 6 ਫਰਾਰ, ਰਾਈਫ਼ਲ ਬਰਾਮਦ <br/>
ਅਜੀਤ ਡੈਸਕ
12-05-2026