ਰੂਪਨਗਰ, 11 ਮਈ (ਗੁਰਪ੍ਰੀਤ ਸਿੰਘ ਹੁੰਦਲ)- ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ਼ ਨੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਸਹਿਯੋਗ ਨਾਲ 'ਏ ਰੋਡਮੈਪ ਟੂ ਪਲੇਸਮੈਂਟ ਜਰਨੀ' ਸਿਰਲੇਖ ਵਾਲੀ ਪੰਜ ਦਿਨਾਂ ਵਰਕਸ਼ਾਪ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਦੀ ਅਗਵਾਈ ਹੇਠ ਲਗਾਈ ਗਈ | ਪ੍ਰੋਗਰਾਮ ਵਿੱਚ ਸਰਕਾਰ, ਸਿੱਖਿਆ ਤੇ ਉਦਯੋਗ ਦੇ ਮਾਹਿਰਾਂ ਦੁਆਰਾ ਇੰਟਰਐਕਟਿਵ ਸੈਸ਼ਨ ਪੇਸ਼ ਕੀਤੇ ਗਏ | ਪ੍ਰਮੁੱਖ ਮਾਹਿਰਾਂ 'ਚ ਸ੍ਰੀਮਤੀ ਸੁਖਮਨ ਮਾਨ (ਪੀ.ਸੀ.ਐਸ.) ਰੁਜ਼ਗਾਰ ਅਧਿਕਾਰੀ, ਸ਼੍ਰੀਮਤੀ ਸੁਖਮਨ ਬਾਠ ਡਿਪਟੀ ਸੀ.ਈ.ਓ. ਡੀ.ਬੀ.ਈ.ਈ, ਤੇ ਵਿਸ਼ਾਲ ਕੇਡੀਆ ਸੰਯੁਕਤ ਸਕੱਤਰ ਟੀਆਈਈ ਸ਼ਾਮਲ ਸਨ | ਉਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਵਿਜ਼ੀਬਿਲਿਟੀ, ਬਾਇਓਡਾਟਾ (ਰੈਜ਼ਿਊਮੇ) ਲਿਖਣ, ਸ਼ਖਸੀਅਤ ਵਿਕਾਸ, ਸੰਚਾਰ ਹੁਨਰ, ਉੱਦਮਤਾ, ਸਰਕਾਰੀ ਨੌਕਰੀ ਦੇ ਮੌਕੇ ਅਤੇ ਇੰਟਰਵਿਊ ਦੀ ਤਿਆਰੀ ਬਾਰੇ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ | ਇਸ ਮੌਕੇ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ਼ ਦੀ ਡੀਨ, ਇੰਦਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਕਰੀਅਰ ਦੇ ਦਿ੍ਸ਼ਾਂ ਨੂੰ ਵਿਕਸਤ ਕਰਨ ਵਿੱਚ ਸਫਲ ਹੋਣ ਲਈ ਪੇਸ਼ੇਵਰ ਯੋਗਤਾਵਾਂ ਤੇ ਵਿਸ਼ਵਾਸ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਇੰਟਰਵਿਊ ਦੇ ਅਨੁਭਵ ਤੇ ਵਿਹਾਰਕ ਕਰੀਅਰ ਮਾਰਗਦਰਸ਼ਨ ਲਈ ਰੁਜ਼ਗਾਰ ਦਫ਼ਤਰ ਦਾ ਦੌਰਾ ਕੀਤਾ, ਭਰਤੀ ਪ੍ਰਕਿਰਿਆਵਾਂ ਤੇ ਰੁਜ਼ਗਾਰ ਦੇ ਮੌਕਿਆਂ ਦਾ ਸਿੱਧਾ ਅਨੁਭਵ ਪ੍ਰਾਪਤ ਕੀਤਾ |