ਰੂਪਨਗਰ, 11 ਮਈ (ਯਸ਼ਵੰਤ ਬੱਸੀ)-ਸਰਕਾਰ ਵਲੋਂ ਕਰਵਾਈ ਜਾ ਰਹੀ ਜਨਗਣਨਾ 2027 ਤਹਿਤ ਆਮ ਲੋਕਾਂ ਦੀ ਸਹੂਲਤ ਲਈ ਸੈਲਫ-ਇਨਿਊਮਰੇਸ਼ਨ (ਸਵੈ ਗਣਨਾ) ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਇਸ ਤਹਿਤ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਦੀ ਨਿਗਰਾਨੀ ਹੇਠ ਦਫ਼ਤਰ ਸਿਵਲ ਸਰਜਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਨਗਣਨਾ ਵਿਭਾਗ ਵਲੋਂ ਸਵੈ ਗਣਨਾ ਐਪ/ਪੋਰਟਲ ਸਬੰਧੀ ਟਰੇਨਿੰਗ ਦਿੱਤੀ ਗਈ | ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਆਪਣੀ ਜਾਣਕਾਰੀ ਖੁਦ ਆਨਲਾਈਨ ਭਰ ਸਕਦਾ ਹੈ | ਇਹ ਸਹੂਲਤ 14 ਮਈ 2026 ਤੱਕ ਉਪਲਬਧ ਰਹੇਗੀ | ਇਸ ਦੌਰਾਨ ਨਾਗਰਿਕ ਘਰ ਬੈਠੇ ਹੀ ਅਧਿਕਾਰਤ ਪੋਰਟਲ 'ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ | ਡਿਪਟੀ ਡਾਇਰੈਕਟਰ ਜਨਗਣਨਾ ਵਿਭਾਗ ਰੂਚੀ ਗੁਪਤਾ ਨੇ ਦੱਸਿਆ ਕਿ ਪੋਰਟਲ ਦੀ ਵਰਤੋਂ ਲਈ ਸਭ ਤੋਂ ਪਹਿਲਾਂ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਤੇ ਫਿਰ ਮੋਬਾਇਲ ਨੰਬਰ ਤੇ ਬੁਨਿਆਦੀ ਜਾਣਕਾਰੀ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ | ਇਸ ਤੋਂ ਬਾਅਦ ਪੋਰਟਲ 'ਤੇ ਦਿੱਤੇ ਸਾਰੇ ਪ੍ਰਸ਼ਨਾਂ ਦੇ ਸਹੀ ਜਵਾਬ ਭਰ ਕੇ ਫਾਰਮ ਸਬਮਿਟ ਕਰਨਾ ਲਾਜ਼ਮੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਫਾਰਮ ਸਬਮਿਟ ਕਰਨ ਉਪਰੰਤ ਇੱਕ ਵਿਲੱਖਣ ਸੈਲਫ-ਇਨਿਊਮਰੇਸ਼ਨ ਆਈ.ਡੀ. ਜਨਰੇਟ ਹੋਵੇਗੀ | ਜਦੋਂ ਜਨਗਣਨਾ ਮੁਲਾਜ਼ਮ ਘਰ ਦੌਰੇ 'ਤੇ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈਡੀ ਦਿਖਾਉਣੀ ਹੋਵੇਗੀ, ਜਿਸ ਨਾਲ ਦਿੱਤੀ ਗਈ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ | ਇਸ ਮੌਕੇ ਤਹਿਸੀਲਦਾਰ ਸੀਮਾ ਸ਼ਰਮਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ, ਡੀ.ਐਸ.ਸੀ. ਡਾ. ਉਰਮਿਲ ਗਰਗ, ਐਪੀਡੀਮੋਲੋਜਿਸਟ ਡਾ. ਹਰਸ਼ਰਨ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |