ਬੇਲਾ, 12 ਮਈ (ਮਨਜੀਤ ਸਿੰਘ ਸੈਣੀ)-ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਮਾਂ ਦਿਵਸ ਬੜੇ ਹੀ ਉਤਸ਼ਾਹ, ਪਿਆਰ ਅਤੇ ਖ਼ੁਸ਼ੀ ਭਰੇ ਮਾਹੌਲ ਵਿਚ ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਮਾਵਾਂ ਦੇ ਪਿਆਰ, ਤਿਆਗ ਅਤੇ ਸਮਰਪਣ ਨੂੰ ਸਨਮਾਨ ਦੇਣਾ ਸੀ | ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ | ਸਮਾਗਮ ਦੌਰਾਨ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਨਰਸਰੀ ਅਤੇ ਐਲ.ਕੇ.ਜੀ. ਦੇ ਬੱਚਿਆਂ ਦੇ ਕਾਰਡ ਮੇਕਿੰਗ ਅਤੇ ਲਵ ਯੂ ਮੌਮ ਕਲਰਿੰਗ ਐਕਟੀਵਿਟੀ, ਯੂ.ਕੇ.ਜੀ. ਅਤੇ ਪਹਿਲੀ ਜਮਾਤ ਦੇ ਬੱਚਿਆਂ ਦੇ ਫਲਾਵਰ ਮੇਕਿੰਗ ਅਤੇ ਮਾਂ ਦੇ ਸੰਬੰਧ ਵਿਚ ਕਵਿਤਾਵਾਂ, ਦੂਜੀ ਤੇ ਤੀਜੀ ਜਮਾਤ ਦੇ ਬੱਚਿਆਂ ਵਲੋਂ ਵੈਸਟ ਤੋਂ ਗਿਫ਼ਟ ਮੇਕਿੰਗ ਅਤੇ ਡਰਾਇੰਗ ਬਣਾਉਣਾ, ਚੌਥੀ ਤੇ ਪੰਜਵੀਂ ਦੇ ਬੱਚਿਆਂ ਵਲੋਂ ਮਾਂ ਦਿਵਸ 'ਤੇ ਸਪੀਚ ਅਤੇ ਗਰੀਟਿੰਗ ਕਾਰਡ ਡੈਕੋਰੇਸ਼ਨ, ਛੇਵੀਂ ਤੋਂ ਅੱਠਵੀਂ ਦੇ ਬੱਚਿਆਂ ਦੇ ਲੇਖ ਲਿਖਣ ਅਤੇ ਪੋਸਟਰ ਮੇਕਿੰਗ, ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੇ ਸਪੀਚ, ਕਵਿਤਾਵਾਂ ਅਤੇ ਆਪਣੀ ਮਾਂ ਦੀ ਤਸਵੀਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਸ੍ਰੀਮਤੀ ਡਿੰਪਲ ਢਿੱਲੋਂ ਜੀ ਨੇ ਕਿਹਾ ਕਿ ਮਾਂ ਦਾ ਸਥਾਨ ਜੀਵਨ ਵਿਚ ਸਭ ਤੋਂ ਉੱਚਾ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਨੂੰ ਆਪਣੇ ਮਾਪਿਆਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਸਿਖਾਉਂਦੇ ਹਨ |