ਮੋਰਿੰਡਾ, 13 ਮਈ (ਤਰਲੋਚਨ ਸਿੰਘ ਕੰਗ)- ਮੋਰਿੰਡਾ ਇਲਾਕੇ ਵਿਚ ਮਿਤੀ 3 ਮਈ 2026 ਨੂੰ ਹਨੇਰੀ ਆਉਣ ਕਾਰਨ ਬਿਜਲੀ ਦੇ ਖੰਭੇ, ਤਾਰਾਂ, ਟਰਾਂਸਫਾਰਮਰ ਡਿੱਗ ਗਏ ਸਨ ਜਿਨ੍ਹਾਂ ਵਿਚੋਂ ਕੁੱਝ ਇਲਾਕੇ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ ਪਰ ਪਿੰਡ ਹਿੰਮਤਪੁਰਾ ਦਾ ਕੁੱਝ ਇਲਾਕਾ ਅਜਿਹਾ ਹੈ ਜਿਸ ਵਿੱਚ ਦੋ ਖੰਭੇ ਟੁੱਟ ਗਏ ਤੇ ਟਰਾਂਸਫਾਰਮਰ ਟੁੱਟ ਗਏ ਜਿਸ ਕਾਰਨ ਛੇ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਜਿਸ ਦੀ ਸ਼ਿਕਾਇਤ ਸਬੰਧਿਤ ਕਿਸਾਨਾਂ ਨੇ ਪੀ.ਐਸ.ਪੀ.ਸੀ.ਐਲ. ਨੂੰ ਕਰ ਦਿੱਤੀ ਪਰ 13 ਮਈ 2026 ਤੱਕ ਵੀ ਖੰਭੇ ਤੇ ਟਰਾਂਸਫਾਰਮਰ ਡਿੱਗੇ ਪਏ ਹਨ ਤੇ ਕਿਸਾਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ | ਭਾਕਿਯੂ ਲੱਖੇਵਾਲ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੁੱਖ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਉਹ ਸਬੰਧਿਤ ਐੱਸ.ਡੀ.ਓ. ਘੜੂੰਆਂ ਤੇ ਕਾਰਜਕਾਰੀ ਇੰਜੀਨੀਅਰ ਖਰੜ੍ਹ ਨੂੰ ਲਿਖਤੀ ਤੇ ਜ਼ੁਬਾਨੀ ਸੂਚਨਾ ਤਿੰਨ ਵਾਰ ਦੇ ਚੁੱਕੇ ਹਨ | ਰੋਜ਼ਾਨਾ ਹੀ ਫੋਨ ਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਿਸਾਨ ਗੁਰਮੀਤ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ ਖੱਟੜਾ, ਮੋਹਣ ਸਿੰਘ ਆਦਿ ਦੀਆਂ ਮੋਟਰਾਂ ਬੰਦ ਪਈਆਂ ਹਨ | ਉਨ੍ਹਾਂ ਦੀਆਂ ਫ਼ਸਲਾਂ ਸੁੱਕ ਚੁੱਕੀਆਂ ਹਨ | ਪਸ਼ੂਆਂ ਦੇ ਖਾਣ ਵਾਲਾ ਚਾਰਾ ਵੀ ਸੁੱਕਣ ਕਾਰਨ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਟਰਾਂ ਦੀ ਸਪਲਾਈ ਹਿੰਮਤਪੁਰਾ ਫੀਡਰ ਤੋਂ ਆਉਂਦੀ ਹੈ ਜੋ ਘੜੂੰਆਂ ਬਿਜਲੀ ਘਰ ਦੇ ਅਧੀਨ ਪੈਂਦਾ ਹੈ | ਇਸੇ ਸੰਬੰਧੀ ਪਿੰਡ ਦੇ ਸਰਪੰਚ ਸੁੱਚਾ ਸਿੰਘ ਤੇ ਮੈਂਬਰ ਪੰਚਾਇਤ ਰਵਿੰਦਰ ਸਿੰਘ ਨੇ ਮੌਕੇ 'ਤੇ ਜਾ ਕੇ ਡਿੱਗੇ ਹੋਏ ਟਰਾਂਸਫਾਰਮਰ ਦੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਕਿਹਾ ਕਿ ਅਗਰ ਇਨ੍ਹਾਂ ਮੋਟਰਾਂ ਦੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਉਹ ਬਹੁਤ ਜਲਦ ਵੱਡੇ ਪੱਧਰ 'ਤੇ ਵਫਦ ਲੈ ਕੇ ਨਿਗਰਾਨ ਇੰਜੀਨੀਅਰ ਰੂਪਨਗਰ ਕੋਲ ਜਾਣਗੇ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਨਗੇ | ਇਸ ਮੌਕੇ ਕੁਲਵਿੰਦਰ ਸਿੰਘ, ਜਗਤਾਰ ਸਿੰਘ, ਹਰਿੰਦਰ ਸਿੰਘ, ਰਾਜਵੰਤ ਸਿੰਘ, ਜਗਜੀਵਨ ਸਿੰਘ ਆਦਿ ਮੌਜੂਦ ਸਨ |