09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦਾੜ੍ਹੀ ਤੇ ਸਿਰ ਦੇ ਕੇਸ ਕਤਲ ਕਰਨ ਵਾਲਿਆਂ ਖ਼ਿਲਾਫ਼ ਜਾਂਚ ਕੀਤੀ ਜਾਵੇ-ਬਲਵੀਰ ਸਿੰਘ

Ad Position 21
No active advertisement
ਪਿੰਡ ਸਹੌੜਾਂ ਦੇ ਵਸਨੀਕ ਬਲਵੀਰ ਸਿੰਘ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ |(ਸੱਜੇ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ | ਤਸਵੀਰ : ਜੰਡਪੁਰੀ <br/> 27-05-2026
ਖਰੜ, 26 ਮਈ (ਤਰਸੇਮ ਸਿੰਘ ਜੰਡਪੁਰੀ)-ਨੇੜਲੇ ਪਿੰਡ ਸਹੌੜਾਂ ਦੇ ਵਸਨੀਕ ਬਲਵੀਰ ਸਿੰਘ ਨੇ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਤੋਂ ਰਿਸ਼ੀਕੇਸ਼ ਲਿਜਾ ਕੇ ਉਸ ਦੀ ਦਾੜ੍ਹੀ ਅਤੇ ਸਿਰ ਦੇ ਕੇਸ ਕਤਲ ਕਰਨ ਵਾਲਿਆਂ ਦੀ ਜਾਂਚ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਲਈ ਬਾਈਕ ਰਾਈਡਰ ਵਜੋਂ ਕੰਮ ਕਰਦਾ ਹੈ ਤੇ ਕੁਝ ਕੁ ਦਿਨ ਪਹਿਲਾਂ ਉਹ ਚੰਡੀਗੜ੍ਹ ਦੇ ਸੈਕਟਰ-38 ਤੋਂ ਆਪਣੇ ਮੋਟਰਸਾਈਕਲ 'ਤੇ ਇਕ ਸਵਾਰੀ (ਲੜਕੀ) ਨੂੰ ਬਿਠਾ ਕੇ ਸੈਕਟਰ-43 ਲਈ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਦੂਜੀ ਰਾਈਡ ਚੁੱਕਣੀ ਸੀ, ਪਰ ਉਸ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹ ਕਿਥੇ ਪਹੁੰਚ ਗਿਆ | ਉਸ ਨੂੰ ਦੱਸਿਆ ਕਿ ਉਸ ਨੰੂ ਅਣਪਛਾਤੇ ਵਿਅਕਤੀਆਂ ਵਲੋਂ ਬੇਹੋਸ਼ ਕਰਕੇ ਚੰਡੀਗੜ੍ਹ ਤੋਂ ਸਿੱਧਾ ਰਿਸ਼ੀਕੇਸ਼ ਪਹੁੰਚਾ ਦਿੱਤਾ ਗਿਆ, ਜਿਥੇ ਉਸ ਦੀ ਦਾੜ੍ਹੀ ਅਤੇ ਸਿਰ ਦੇ ਕੇਸ ਕਤਲ ਕੀਤੇ ਗਏ | ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਲੋਕਾਂ ਨੂੰ ਪੁੱਛਿਆ ਕਿ ਉਹ ਕਿਥੇ ਹੈ ਤਾਂ ਲੋਕਾਂ ਨੇ ਦੱਸਿਆ ਕਿ ਇਸ ਸਮੇਂ ਉਹ ਰਿਸ਼ੀਕੇਸ਼ ਲਛਮਣ ਝੂਲੇ ਦੇ ਕੋਲ ਮੌਜੂਦ ਹੈ ਅਤੇ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਦੇ ਸਿਰ ਅਤੇ ਦਾੜ੍ਹੀ ਦੇ ਕੇ ਕੇਸ ਵੀ ਕਤਲ ਕੀਤੇ ਹੋਏ ਸਨ | ਇਸ ਤੋਂ ਬਾਅਦ ਉਸ ਨੇ ਸੰਬੰਧਿਤ ਪੁਲਿਸ ਨਾਲ ਵੀ ਸੰਪਰਕ ਕੀਤਾ, ਪਰ ਕਿਸੇ ਨੇ ਉਸ ਦੀ ਸੁਣਵਾਈ ਨਹੀਂ ਕੀਤੀ | ਬਲਵੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਇਕ ਸਰਦਾਰ ਵਿਅਕਤੀ ਨੇ ਕਿਰਾਇਆ ਦਿੱਤਾ ਅਤੇ ਫ਼ਿਰ ਉਹ ਟਰੇਨ ਰਾਹੀਂ ਰਿਸ਼ੀਕੇਸ਼ ਤੋਂ ਚੰਡੀਗੜ੍ਹ ਪੁੱਜਿਆ | ਇਸ ਉਪਰੰਤ ਉਸ ਨੇ ਚੰਡੀਗੜ੍ਹ ਆ ਕੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ, ਜਿਥੋਂ ਪਰਿਵਾਰਕ ਮੈਂਬਰ ਉਸ ਨੂੰ ਘਰ ਲੈ ਗਏ | ਉਸ ਨੇ ਦੋਸ਼ ਲਗਾਇਆ ਕਿ ਹੁਣ ਤੱਕ ਉਸ ਦਾ ਮੋਟਰਸਾਈਕਲ ਵੀ ਨਹੀਂ ਮਿਲਿਆ | ਦੂਜੇ ਪਾਸੇ ਪੀੜਤ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਕਈ ਦਿਨ ਘਰ ਨਹੀਂ ਆਇਆ ਤਾਂ ਉਸ ਨੇ ਸੰਬੰਧਿਤ ਥਾਣੇ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ | ਪੀੜਤ ਬਲਵੀਰ ਸਿੰਘ ਤੇ ਉਸ ਦੀ ਪਤਨੀ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ |
ਪੀੜਤ ਨੂੰ ਇਨਸਾਫ਼ ਦਿਵਾਇਆ ਜਾਵੇਗਾ-ਰਵਿੰਦਰ ਸਿੰਘ ਖੇੜਾ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਉਕਤ ਮਸਲੇ ਨੂੰ ਲੈ ਕੇ ਸੰਬੰਧਿਤ ਪੁਲਿਸ ਨਾਲ ਵੀ ਸੰਪਰਕ ਕਰਨਗੇ ਅਤੇ ਨਿੱਜੀ ਤੌਰ 'ਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ | ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਇਸ ਗੰਭੀਰ ਮਸਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਸਕਾਰਪੀਓ ਸਵਾਰ ਨੌਜਵਾਨਾਂ ਵਲੋਂ ਨੌਜਵਾਨ 'ਤੇ ਫਾਈਰਿੰਗ-ਮੋਬਾਈਲ ਖੋਹ ਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਹਕੂਮਤ ਵਲੋਂ ਪੇਪਰ ਰੱਦ ਕਰਵਾਉਣ ਦੇ ਬਾਵਜੂਦ ਭਾਜਪਾ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ : ਸੈਣੀ <br/>
Ad Position 24