ਰੂਪਨਗਰ, 14 ਜੂਨ: (ਮਨਜੀਤ ਸਿੰਘ ਸੈਣੀ)-ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਪ੍ਰੇਰਨਾ ਸਦਕਾ ਰੂਪਨਗਰ ਦੇ ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲ ਚੋਣਾਂ ਦੇ ਉਮੀਦਵਾਰ ਰਹੇ ਰਾਜ ਕੁਮਾਰ ਆਪਣੇ ਸਾਥੀਆਂ ਅਤੇ ਦਰਜਨਾਂ ਪਰਿਵਾਰਾਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਵਿਚ ਸ਼ਾਮਲ ਹੋਣ ਮੌਕੇ ਰਾਜ ਕੁਮਾਰ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ, ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਇਤਿਹਾਸਕ ਕਾਰਜਾਂ ਅਤੇ ਅਜੈਵੀਰ ਸਿੰਘ ਲਾਲਪੁਰਾ ਵਲੋਂ ਲੋਕਾਂ ਦੀ ਭਲਾਈ ਲਈ ਨਿਰੰਤਰ ਕੀਤੀ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਭਾਜਪਾ ਨੂੰ ਇੱਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ। ਰਾਜ ਕੁਮਾਰ ਨੇ ਵਿਸ਼ਵਾਸ ਪ੍ਰਗਟਾਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਰੂਪਨਗਰ ਵਿਚ ਭਾਜਪਾ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਦਾ ਮੁਕਾਬਲਾ ਕਰਨ ਵਾਲੀ ਕੋਈ ਵੀ ਪਾਰਟੀ ਨਜ਼ਰ ਨਹੀਂ ਆ ਰਹੀ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਮਦਨ ਸ਼ੌਂਕੀ ਨੇ ਵੀ ਭਾਜਪਾ ਦੀਆਂ ਨੀਤੀਆਂ ਅਤੇ ਅਜੈਵੀਰ ਸਿੰਘ ਲਾਲਪੁਰਾ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਲਪੁਰਾ ਦੀ ਸ਼ਖ਼ਸੀਅਤ, ਲੋਕਾਂ ਨਾਲ ਜੁੜਾਅ, ਸਮਾਜਿਕ ਸੇਵਾਵਾਂ ਅਤੇ ਸੰਗਠਨ ਪ੍ਰਤੀ ਸਮਰਪਣ ਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਨਵੇਂ ਸਾਥੀਆਂ ਦਾ ਭਾਜਪਾ ਪਰਿਵਾਰ ਵਿਚ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਲਾਲਪੁਰਾ ਨੇ ਕਿਹਾ ਕਿ ਰੂਪਨਗਰ ਦੇ ਸਰਵਪੱਖੀ ਵਿਕਾਸ, ਨੌਜਵਾਨਾਂ ਲਈ ਨਵੇਂ ਮੌਕੇ, ਬਿਹਤਰ ਬੁਨਿਆਦੀ ਢਾਂਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਦੇਸ਼ ਸਿਰਫ਼ ਚੋਣਾਂ ਜਿੱਤਣਾ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਣਾ ਹੈ, ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਅਜੀਤ ਬੱਗੜ, ਵਿਜੈ ਕੁਮਾਰ, ਗੌਰਵ ਸੋਢਾ, ਵਿੱਕੀ, ਸੌਰਵ ਸੋਢਾ, ਆਦੀ, ਅਭੀ, ਬਿੱਲਾ, ਬੌਬੀ, ਅਮਨ, ਜਤਿਨ, ਦੀਪਕ, ਕੱਕੜ ਜੀ ਅਤੇ ਹੋਰ ਸ਼ਾਮਲ ਸਨ।
ਅਕਾਲੀ ਦਲ ਨੂੰ ਵੱਡਾ ਝਟਕਾ, ਵਾਰਡ ਨੰਬਰ 9 ਤੋਂ ਐਮ.ਸੀ. ਉਮੀਦਵਾਰ ਰਾਜ ਕੁਮਾਰ ਲਾਲਪੁਰਾ ਦੀ ਅਗਵਾਈ ’ਚ ਭਾਜਪਾ ਵਿਚ ਸ਼ਾਮਿਲ
ਅਜੀਤ ਡੈਸਕ
15-06-2026