ਸ੍ਰੀ ਚਮਕੌਰ ਸਾਹਿਬ, 14 ਜੂਨ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੱਕੂਮਾਜਰਾ ਨਾਲ ਸਬੰਧਿਤ ਨੌਜਵਾਨ ਊਦੈਵੀਰ ਸਿੰਘ ਪੁੱਤਰ ਰਣਵੀਰ ਸਿੰਘ ਨੇ ਭਾਰਤੀ ਹਵਾਈ ਫ਼ੌਜ ਵਿਚ ਬਤੌਰ ਪਾਈਲਟ ਕਮਿਸ਼ਨ ਪ੍ਰਾਪਤ ਕਰਕੇ ਜ਼ਿਲ੍ਹਾ ਰੂਪਨਗਰ ਦਾ ਮਾਣ ਵਧਾਇਆ ਹੈ। ਉਦੈਵੀਰ ਸਿੰਘ ਮੌਜੂਦਾ ਸਮੇਂ ਆਪਣੇ ਪਰਿਵਾਰ ਨਾਲ ਰੂਪਨਗਰ ਵਿਖੇ ਰਹਿ ਰਿਹਾ ਹੈ। 21 ਫਰਵਰੀ 2005 ਨੂੰ ਜਨਮੇ ਉਦੈਵੀਰ ਸਿੰਘ ਦੇ ਪਿਤਾ ਰਣਵੀਰ ਸਿੰਘ ਵੀ ਭਾਰਤੀ ਹਵਾਈ ਫ਼ੌਜ ਵਿਚੋਂ ਆਨਰੇਰੀ ਫਲਾਇੰਗ ਅਫ਼ਸਰ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਘਰੇਲੂ ਮਹਿਲਾ ਹਨ। ਪਿਤਾ ਦਾ ਹਵਾਈ ਫ਼ੌਜ ਵਿਚ ਹੋਣਾ ਉਦੈਵੀਰ ਸਿੰਘ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਿਹਾ । ਦਸਵੀਂ ਉਪਰੰਤ ਹਵਾਈ ਫ਼ੌਜ ਵਿਚ ਅਫ਼ਸਰ ਭਰਤੀ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਨੇ 2020 ਵਿਚ ਪੰਜਾਬ ਸਰਕਾਰ ਵਲੋਂ ਲੈ ਕੇ ਸੰਚਾਲਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੀਪੇਰੇਟਰੀ ਇੰਸਟੀਚਿਊਟ ਮੁਹਾਲੀ ਵਿਖੇ ਦਾਖਲਾ ਲੈ ਲਿਆ ਅਤੇ 2022 ਵਿਚ ਪਹਿਲੀ ਕੋਸ਼ਿਸ਼ ਵਿਚ ਹੀ ਐਨ. ਡੀ. ਏ. ਦਾ ਇਮਤਿਹਾਨ ਪਾਸ ਕੀਤਾ ਤੇ ਐਨ. ਡੀ. ਏ. ਦੇ 148ਵੇਂ ਕੋਰਸ ਵਿਚ ਖਡਗਵਾਸਲਾ ਪੂਨੇ ਮਹਾਂਰਸ਼ਟਰਾ ਵਿਚ ਸਿਖਲਾਈ ਲੈ ਕੇ ਮਈ 2025 ਵਿਚ ਪਾਸ ਆਊਟ ਹੋਇਆ। ਇਸ ਤੋਂ ਬਾਅਦ ਹਵਾਈ ਫ਼ੌਜ ਅਕੈਡਮੀ ਹੈਦਰਾਬਾਦ ਵਿਚ ਫਲਾਇੰਗ ਅਤੇ ਅਫ਼ਸਰ ਸਿਖਲਾਈ ਹਾਸਲ ਕਰਕੇ ਪਿਛਲੇ ਦਿਨੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦ ਪ੍ਰਧਾਨਗੀ ਵਿਚ ਅਕੈਡਮੀ ਦੇ 217ਵੇਂ ਕੋਰਸ ਦੀ ਪਾਸਿੰਗ ਆਊਟ ਪ੍ਰੇਡ ਵਿਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਹਾਸਲ ਕੀਤਾ। ਊਦੈਵੀਰ ਸਿੰਘ ਦੀ ਮਾਣਮੱਤੀ ਪ੍ਰਾਪਤੀ ਲਈ ਪਰਿਵਾਰ ਅਤੇ ਇਲਾਕੇ ਵਿਸ਼ੇਸ਼ ਤੌਰ ਤੇ ਉਸ ਦੇ ਪਿੰਡ ਭੱਕੂਮਾਜਰਾ ਵਿਚ ਖ਼ੁਸ਼ੀ ਦੀ ਲਹਿਰ ਹੈ। ਪਿੰਡ ਦੇ ਸਮਾਜਸੇਵੀ ਸਮਿੰਦਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਰਾਜੀ, ਧਿਆਨ ਸਿੰਘ ਆਦਿ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ਵਾਲਾ ਊਦੈਵੀਰ ਸਿੰਘ ਨੇ ਪਿੰਡ ਭੱਕੂਮਾਜਰਾ ਦਾ ਨਾਂਅ ਰੌਸ਼ਨ ਕੀਤਾ ਹੈ ਜਿਸ ਤੇ ਸਮੂਹ ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ।