ਤਰਨ ਤਾਰਨ, 14 ਜੂਨ (ਹਰਿੰਦਰ ਸਿੰਘ)—ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420 ਸਾਲਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 18 ਜੂਨ ਦਿਨ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜ਼ਰ ਹਰਜਿੰਦਰ ਸਿੰਘ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਮਨਾਉਣ ਸੰਬੰਧੀ ਤਰਨ ਤਾਰਨ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਦੇ ਅਹੁਦੇਦਾਰਾਂ ਨਾਲ ਵੀ ਮੀਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਸੰਬੰਧ ਵਿਚ 16 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸਵੇੇਰੇ 10 ਵਜੇ ਆਰੰਭ ਹੋਣਗੇ। 17 ਜੂਨ ਨੂੰ ਸਵੇਰੇ ਅਲੌਕਿਕ ਨਗਰ ਕੀਰਤਨ ਹੋਵੇਗਾ। 17 ਜੂਨ ਨੂੰ ਹੀ ਸ਼ਾਮੀ ਪੰਜ ਵਜੇ ਤੋਂ ਰਾਤ ਸਾਢੇ ਦਸ ਵਜੇ ਤੱਕ ਕਵੀ ਦਰਬਾਰ ਅਤੇ ਗੁਰਮਤਿ ਸਮਾਗਮ ਹੋਵੇੇਗਾ, ਜਿਸ ਵਿਚ ਬੀਬੀ ਭਾਨੀ ਸੇਵਕ ਸਭਾ ਬੀਬੀਆਂ, ਗੁਰੂ ਅਰਜਨ ਦੇਵ ਕੀਰਤਨੀ ਜਥਾ ਬੀਬੀਆਂ, ਗੁਰਮਤਿ ਸੰਗੀਤ ਅਕੈਡਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ, ਭਾਈ ਜੱਜਬੀਰ ਸਿੰਘ ਕਥਾਵਾਚਕ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਭਾਈ ਗੁਰਜੀਤ ਸਿੰਘ ਵਰਿ੍ਹਆਂ ਕਵੀਸ਼ਰੀ ਜਥਾ, ਭਾਈ ਹਰੀ ਸਿੰਘ ਜਾਚਕ ਕਵੀ, ਭਾਈ ਬਲਬੀਰ ਸਿੰਘ ਕਮਲ ਕਵੀ, ਭਾਈ ਕਰਮਜੀਤ ਸਿੰਘ ਨੂਰ ਕਵੀ ਗੁਰੂ ਸਾਹਿਬ ਦੇ ਜੀਵਨ ’ਤੇ ਜਿਥੇ ਚਾਨਣਾ ਪਾਉਣਗੇ, ਉਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਮੈਨੇਜ਼ਰ ਸ੍ਰੀ ਦਰਬਾਰ ਸਾਹਿਬ ਨੇ ਦੱਸਿਆ ਕਿ 18 ਜੂਨ ਨੂੰ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਜੋ ਸੰਗਤੀ ਰੂਪ ਵਿਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਸ਼ਹੀਦੀ ਸਮਾਗਮ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਵਿਖੇ ਹੋਵੇਗਾ, ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਕੀਰਤਨੀ ਜਥਾ ਬੀਬੀਆਂ, ਬਾਬਾ ਬੁੱਢਾ ਸਾਹਿਬ ਕੀਰਤਨੀ ਜਥਾ ਬੀਬੀਆਂ, ਮਾਤਾ ਗੰਗਾ ਕੀਰਤਨੀ ਜਥਾ ਬੀਬੀਆਂ, ਭਾਈ ਲਵਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਭਾਈ ਨਿਸ਼ਾਨ ਸਿੰਘ ਤਰਨ ਤਾਰਨ ਵਾਲੇ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਪਾਲ ਸਿੰਘ ਰਬਾਬੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਕਵੀਸ਼ਰੀ ਲਖਵਿੰਦਰ ਸਿੰਘ ਦਰਦੀ ਕਵੀਸ਼ਰੀ ਜਥਾ, ਭਾਈ ਹੀਰਾ ਸਿੰਘ ਕਥਾਵਾਚਕ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਭਾਈ ਸੰਦੀਪ ਸਿੰਘ, ਮਨਦੀਪ ਸਿੰਘ, ਬੀਬੀ ਸੁਪ੍ਰੀਤ ਕੌਰ ਕੀਰਤਨੀ ਜਥਾ, ਭਾਈ ਸਤਪਾਲ ਸਿੰਘ ਐਮ.ਏ. ਢਾਡੀ ਜਥਾ, ਭਾਈ ਗੁਰਚਰਨ ਸਿੰਘ ਹੈਪੀ, ਭਾਈ ਅੰਮ੍ਰਿਤਪਾਲ ਸਿੰਘ ਢਪੱਈ ਕੀਰਤਨੀ ਜਥਾ, ਭਾਈ ਲਵਦੀਪ ਸਿੰਘ ਹਜੂਰੀ ਰਾਗੀ ਅੰਮ੍ਰਿਤਸਰ, ਭਾਈ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ਵਾਲੇ, ਭਾਈ ਰਜਿੰਦਰ ਸਿੰਘ ਰਾਗੀ ਕੀਰਤਨੀ ਜਥਾ ਲੁਧਿਆਣੇ ਵਾਲਿਆਂ ਦਾ ਕੀਰਤਨੀ ਜਥਾ ਸੰਗਤਾਂ ਨੂੰ ਨਿਹਾਲ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਲੰਗਰ ਹਾਲ ਵਿਖੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੰਗਤਾਂ ਨੂੰ ਅਪੀਲ ਹੈ ਕਿ ਉਹ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਨ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 18 ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ
ਅਜੀਤ ਡੈਸਕ
15-06-2026