ਰੂਪਨਗਰ, 15 ਜੂਨ (ਮਨਜੀਤ ਸਿੰਘ ਸੈਣੀ)-ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਕਲੀਨ ਪੰਜਾਬ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਅਕਸ਼ਿਤਾ ਗੁਪਤਾ ਨੇ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੀ ਮੌਜੂਦ ਸਨ। ਉਨ੍ਹਾਂ ਨੇ ਮਟੀਰੀਅਲ ਰਿਕਵਰੀ ਫੈਸਿਲਿਟੀ (ਐਮ.ਆਰ.ਐਫ.), ਪਿੰਡ ਬੜੀ ਹਵੇਲੀ, ਸ਼ਿਆਮਪੁਰਾ ਅਤੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਬਣਾਈ ਰੱਖਣ ਲਈ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਾਰੇ ਸੀਵਰ ਮੈਨਹੋਲਾਂ ਦੇ ਢੱਕਣ ਸੜਕ ਦੇ ਪੱਧਰ ਦੇ ਬਰਾਬਰ ਕੀਤੇ ਜਾਣ ਤਾਂ ਜੋ ਹਾਦਸਾ ਨਾ ਵਾਪਰੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਬਾਰਸ਼ਾਂ ਦੀ ਸ਼ੁਰੂਆਤ ਤੋਂ ਪਹਿਲਾਂ ਸੜਕਾਂ ਦੀਆਂ ਗਲੀਆਂ ਦੀ ਡੀ-ਸਿਲਟਿੰਗ ਅਤੇ ਸਫ਼ਾਈ ਕਰਵਾਈ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਪਾਣੀ ਖੜ੍ਹਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਕੂੜੇ ਨੂੰ ਗਲਣਯੋਗ ਅਤੇ ਨਾ-ਗਲਣਯੋਗ ਸ਼੍ਰੇਣੀਆਂ ਵਿਚ ਵੱਖਰਾ ਕਰਕੇ ਰੱਖਣ ਤਾਂ ਜੋ ਖਾਣ-ਪੀਣ ਵਾਲਾ ਕੂੜਾ ਪਲਾਸਟਿਕ ਦੇ ਥੈਲਿਆਂ ਨਾਲ ਨਾ ਮਿਲੇ। ਸਹੀ ਢੰਗ ਨਾਲ ਵੱਖਰਾ ਕੀਤਾ ਗਿਆ ਕੂੜਾ ਠੋਸ ਕੂੜਾ ਪ੍ਰਬੰਧਨ ਵਿਚ ਮਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਖੁੱਲੀ ਥਾਂ ਉੱਤੇ ਘਰ ਦਾ ਕੂੜਾ ਨਾ ਸੁੱਟਿਆ ਜਾਵੇ ਜਦਕਿ ਆਮ ਤੌਰ ਉੱਤੇ ਦੇਖਿਆ ਜਾਂਦਾ ਹੈ ਕਿ ਸਵੇਰੇ ਸ਼ਹਿਰ ਦੀ ਸਫ਼ਾਈ ਹੋਣ ਉਪਰੰਤ ਹੀ ਕਈ ਲੋਕਾਂ ਵਲੋਂ ਕਾਲਜ ਰੋਡ ਅਤੇ ਸਰਕਾਰੀ ਹਸਪਤਾਲ ਸਮੇਤ ਡੀ ਏ ਵੀ ਸਕੂਲ ਰੋਡ ਕੂੜਾ ਸੜਕ ਉੱਤੇ ਸੁੱਟ ਦਿੱਤਾ ਜਾਂਦਾ ਹੈ ਜੋ ਸਾਰਾ ਦਿਨ ਸ਼ਹਿਰ ਵਾਸੀਆਂ ਅਤੇ ਵਿਦਿਆਰਥੀਆਂ ਲਈ ਮੁਸ਼ਕਿਲ ਬਣਦਾ ਹੈ। ਉਨ੍ਹਾਂ ਕਿਹਾ ਸ਼ਹਿਰ ਦੀ ਸਫ਼ਾਈ ਤੇ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਸ ਲਈ ਸਾਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਦੇ ਹੋਏ ਹੋਰ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਫ਼ਾਈ ਸੇਵਕਾਂ ਦੀ ਇੱਕ ਮਜ਼ਬੂਤ ਟੀਮ ਵੱਖ-ਵੱਖ ਸ਼ਿਫਟਾਂ ਵਿੱਚ ਦਿਨ-ਰਾਤ ਕੰਮ ਕਰਦੀ ਹੈ, ਜਿਸ ਲਈ ਸਾਨੂੰ ਸਫ਼ਾਈ ਸੇਵਕਾਂ ਨੂੰ ਵੀ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਐਮ. ਸੀ. ਇੰਦਰਪਾਲ ਸਿੰਘ ਰਾਜੂ ਸਤਿਆਲ, ਮਿਊਂਸੀਪਲ ਇੰਜੀਨੀਅਰ ਜਵਾਹਰ ਸਾਗਰ, ਸੈਨੇਟਰੀ ਇੰਸਪੈਕਟਰ ਬਰਿੰਦਰ ਸਿੰਘ, ਮਿਊਂਸੀਪਲ ਕਾਊਂਸਲ ਤੋਂ ਨਵਤੇਜ ਤੇਜੀ, ਲਵਲੀ ਸ਼ਰਮਾ ਆਦਿ ਹਾਜ਼ਰ ਸਨ।