15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵੱਖ-ਵੱਖ ਥਾਈਂ ਉਤਸ਼ਾਹ ਨਾਲ 80ਵਾਂ ਆਜ਼ਾਦੀ ਦਿਹਾੜਾ ਮਨਾਇਆ

ਐੱਸ. ਏ.

Ad Position 21
No active advertisement
ਤੀਰਥ ਯਾਤਰਾ ਮੌਕੇ ਸੰਗਤਾਂ ਨੂੰ ਸ਼ੁੱਭ ਇੱਛਾਵਾਂ ਭੇਟ ਕਰਕੇ ਰਵਾਨਾ ਕਰਦੇ ਵਿਧਾਇਕ ਚੱਢਾ। ਤਸਵੀਰ : ਰਾਜੇਸ਼ ਚੌਧਰੀ ਲਾਲੜੂ ਵਿਖੇ ਟਰੈਕਟਰ ਤੇ ਤਿਰੰਗਾ ਯਾਤਰਾ ਕੱਢਦੇ ਹੋਏ ਭਾਜਪਾ ਆਗੂ। ਤਸਵੀਰ : ਰਾਜਬੀਰ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਕੌਮੀ ਝੰਡਾ ਲਹਿਰਾਉਂਦੇ ਹੋਏ ਪ੍ਰਿੰ. ਰਕਸ਼ਾ ਕਿਰਨ ਅਤੇ ਨਾਲ ਹਾਜ਼ਰ ਸਟਾਫ਼ ਮੈਂਬਰ। ਤਸਵੀਰ : ਗੁਰਮੁੱਖ ਸਿੰਘ ਮਾਨ ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਰਜਨੀਸ਼ ਕੁਮਾਰ ਅਤੇ ਹੋਰ ਅਹੁਦੇਦਾਰ ਅਜ਼ਾਦੀ ਦਿਵਸ ਮੌਕੇ ਰਾਸ਼ਟਰੀ ਗੀਤ ਦਾ ਗਾਇਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ। ਤਸਵੀਰ : ਗੁਰਮੁੱਖ ਸਿੰਘ ਮਾਨ 17-08-2026
ਐੱਸ. ਏ. ਐੱਸ. ਨਗਰ, 16 ਅਗਸਤ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਦੇ ਵਾ. ਨੰ. 6 ਅਧੀਨ ਪੈਂਦੇ ਫੇਜ਼-3ਬੀ1 ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਵਾ. ਨੰ. 6 ਤੋਂ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਸਮੁੱਚੇ ਵਾਰਡ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਬਾਤ ਦਿੱਤੀ ਗਈ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ‘ਚ ਇਕੱਤਰ ਹੋਏ ਵਾਰਡ ਵਾਸੀਆਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਬਜ਼ੁਰਗਾਂ ਅਤੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਇਸ ਮੌਕੇ ਦੇਸ਼ ਦੇ ਇਤਿਹਾਸ ਸੰਬੰਧੀ ਕੁਇਜ਼ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ‘ਚ ਵਾਰਡ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਬਜ਼ੁਰਗਾਂ ਤੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਪੇਸ਼ਕਾਰੀਆਂ ਲਈ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਆਜ਼ਾਦੀ ਦਿਹਾੜਾ ਸਾਡੇ ਲਈ ਮਾਣ, ਸਤਿਕਾਰ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਯਾਦ ਕਰਨ ਦਾ ਪਵਿੱਤਰ ਮੌਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਣਗਿਣਤ ਸੂਰਮਿਆਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਲਈ ਇਕਜੁੱਟ ਹੋ ਕੇ ਕੰਮ ਕਰੀਏ। ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਕ ਸਾਂਝ ਤੇ ਤਰੱਕੀ ਨੂੰ ਹੋਰ ਮਜ਼ਬੂਤ ਕਰਨਾ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਇਕੱਤਰ ਹੋਏ ਸਮੁੱਚੇ ਵਾਰਡ ਵਾਸੀਆਂ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ। ਭਾਜਪਾ ਨੇ ਕੱਢੀ ਸ਼ਾਨਦਾਰ ਤਿਰੰਗਾ ਯਾਤਰਾ ਜ਼ੀਰਕਪੁਰ, (ਹੈਪੀ ਪੰਡਵਾਲਾ)- ਭਾਰਤ ਦੇ ਸੁਤੰਤਰਤਾ ਦਿਵਸ ਦੇ ਪਾਵਨ ਮੌਕੇ ‘ਤੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਵਲੋਂ ਜ਼ੀਰਕਪੁਰ ਸ਼ਹਿਰ ਦੀਆਂ ਸੜਕਾਂ ‘ਤੇ ਇਕ ਵਿਸ਼ਾਲ ਤੇ ਸ਼ਾਨਦਾਰ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਮੋਟਰਸਾਈਕਲ ਤੇ ਸਕੂਟਰ ਸਵਾਰ ਹਲਕਾ ਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ, ਜਿਸ ਨਾਲ ਪੂਰਾ ਸ਼ਹਿਰ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਰਿਆਂ ਨਾਲ ਗੂੰਜ ਉੱਠਿਆ। ਯਾਤਰਾ ਦੌਰਾਨ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਮੋਟਰਸਾਈਕਲਾਂ ਅਤੇ ਸਕੂਟਰਾਂ ‘ਤੇ ਸਵਾਰ ਹੋ ਕੇ ਹੱਥਾਂ ‘ਚ ਤਿਰੰਗੇ ਝੰਡੇ ਫੜ੍ਹ ਕੇ ਵਧ ਚੜ੍ਹ ਕੇ ਹਿੱਸਾ ਲਿਆ। ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਖੁਦ ਟਰੈਕਟਰ ਚਲਾ ਕੇ ਪੂਰੇ ਸ਼ਹਿਰ ਦਾ ਗੇੜਾ ਕੱਢਿਆ, ਜਿਸ ਨੇ ਮੌਜੂਦ ਲੋਕਾਂ ‘ਚ ਭਾਰੀ ਜੋਸ਼ ਭਰ ਦਿੱਤਾ। ਗੁਰਦਰਸ਼ਨ ਸਿੰਘ ਸੈਣੀ ਦੇ ਨਾਲ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ ਅਤੇ ਜ਼ਿਲ੍ਹਾ ਓ. ਬੀ. ਸੀ. ਮੋਰਚੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ ਸਮੇਤ ਕਈ ਹੋਰ ਪ੍ਰਮੁੱਖ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਪਹਿਲਾਂ ਭਾਜਪਾ ਦਫ਼ਤਰ ਦੇ ਵਿਹੜੇ ‘ਚ ਤਿਰੰਗਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਦੇਸ਼ ਦੇ ਮਹਾਨ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਅੱਗੇ ਆਉਣ ਦਾ ਪੁਰਜ਼ੋਰ ਸੱਦਾ ਦਿੱਤਾ। ਯਾਤਰਾ ਦੌਰਾਨ ਜ਼ੀਰਕਪੁਰ ਦੇ ਬਾਜ਼ਾਰਾਂ ‘ਚ ਦੇਸ਼ ਭਗਤੀ ਦਾ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਥਾਂ-ਥਾਂ ‘ਤੇ ਇਸ ਤਿਰੰਗਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਐੱਸ . ਡੀ . ਐੱਮ ਨੇ ਲਹਿਰਾਇਆ ਕੌਮੀ ਤਿਰੰਗਾ ਖਰੜ, (ਗੁਰਮੁੱਖ ਸਿੰਘ ਮਾਨ)-ਉਪ ਮੰਡਲ ਪ੍ਰਸ਼ਾਸਨ ਖਰੜ ਵਲੋਂ ਸਬ-ਡਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਥਾਨਕ ਅਨਾਜ ਮੰਡੀ ਵਿਖੇ ਮਨਾਇਆ ਗਿਆ, ਜਿਥੇ ਕਿ ਐੱਸ. ਡੀ. ਐੱਮ. ਖਰੜ ਗੁਰਮੀਤ ਸਿੰਘ ਵਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਦੇਸ਼-ਭਗਤੀ ‘ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਪ੍ਰਸ਼ਾਸਨ ਵਲੋਂ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਵੱਖ-ਵੱਖ ਖੇਤਰਾਂ ਵਿਚ ਉਪਲੱਧੀਆਂ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਰੜ ਦੇ ਜੱਜ ਸਾਹਿਬਾਨ, ਤਹਿਸੀਲਦਾਰ ਖਰੜ ਮੇਜਰ ਡਾ. ਹਰਮਿੰਦਰ ਸਿੰਘ ਘੋਲੀਆ, ਸਬ-ਰਜਿਸਟਰਾਰ ਖਰੜ ਨਵਪ੍ਰੀਤ ਸਿੰਘ ਸ਼ੇਰਗਿੱਲ, ਜੁਆਇੰਟ ਸਬ-ਰਜਿਸਟਰਾਰ ਰਾਜਬੀਰ ਸਿੰਘ ਮਰਵਾਹਾ, ਜੁਆਇੰਟ ਸਬ-ਰਜਿਸਟਰਾਰ ਮਾਜਰੀ ਜਸਵੀਰ ਕੌਰ, ਨਾਇਬ ਤਹਿਸੀਲਦਾਰ ਖਰੜ ਅਕਸ਼ੈ ਕੁੰਦਰਾ, ਨਾਇਬ ਤਹਿਸੀਲਦਾਰ ਘੜੂੰਆਂ ਕਸ਼ਿਸ਼ ਗਰਗ, ਨਗਰ ਕੌਂਸਲ ਖਰੜ ਦੇ ਈ. ਓ. ਅਸ਼ੋਕ ਪੱਥਰੀਆਂ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ, ਪੰਚਾਇਤ ਸੰਮਤੀ ਖਰੜ ਦੇ ਚੇਅਰਮੈਨ ਰਘਵੀਰ ਸਿੰਘ ਮੋਦੀ, ਪ੍ਰਿੰ. ਭੁਪਿੰਦਰ ਸਿੰਘ, ਨਵਦੀਪ ਚੌਧਰੀ, ਸਰਬਜੀਤ ਕੌਰ, ਸੰਜੀਵ ਕੁਮਾਰ, ਰਣਵਿੰਦਰ ਸਿੰਘ, ਦਵਿੰਦਰ ਸਿੰਘ, ਖੜਕ ਸਿੰਘ, ਪ੍ਰਦੀਪ ਕੁਮਾਰ ਤੇ ਪੁਸ਼ਪਿੰਦਰ ਸੂਦ ਸਮੇਤ ਵੱਖ-ਵੱਖ ਸਕੂਲਾਂ ਦੇ ਮੁਖੀ, ਕਰਮਚਾਰੀ, ਸਕੂਲਾਂ ਦੇ ਅਧਿਆਪਕ, ਫਾਇਰ ਬ੍ਰਿਗੇਡ, ਖੁਰਾਕ ਤੇ ਸਪਲਾਈ ਵਿਭਾਗ ਦੇ ਕਰਮਚਾਰੀਆਂ ਸਮੇਤ ਖੇਤਰ ਦੇ ਪਤਵੰਤੇ ਹਾਜ਼ਰ ਸਨ। ਪ੍ਰਾਇਮਰੀ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਾਜਰੀ, (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਜਰੀ ਦੇ ਸਰਕਾਰੀ ਸਕੂਲ ਵਿਖੇ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਸਕੂਲ ਦੇ ਸਮੁੱਚੇ ਅਧਿਆਪਕ ਸਾਹਿਬਾਨਾਂ ਤੇ ਬੱਚਿਆਂ ਵਲੋਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਦੋਂ ਮਹਾਤਮਾ ਗਾਂਧੀ ਵਲੋਂ ਸੱਤਿਆ ਗ੍ਰਹਿ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤਾਂ ਪੰਜਾਬ ਵਿਖੇ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਸੰਘਰਸ਼ ‘ਚ ਸਭ ਤੋਂ ਵੱਧ ਆਜ਼ਾਦੀ ਘੁਲਾਟੀਏ ਮਾਜਰੀ ਤੋਂ ਹੀ ਗਏ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਮਾਜਰੀ ‘ਚ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਸਰਕਾਰੀ ਸਕੂਲ ‘ਚ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਵੀ ਆਜ਼ਾਦੀ ਦੇ ਗੀਤਾਂ ‘ਤੇ ਗਿੱਧਾ ਤੇ ਭੰਗੜਾ ਪਾਇਆ ਗਿਆ। ਇਸ ਮੌਕੇ ਪ੍ਰਮੁੱਖ ਵਿਅਕਤੀਆਂ ਵਲੋਂ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਝੰਡਾ ਲਹਿਰਾਉਣ ਦੀ ਰਸਮ ਵੇਲੇ ਸਾਬਕਾ ਫ਼ੌਜੀਆਂ ਵਲੋਂ ਵੀ ਸਲਾਮੀ ਦਿੱਤੀ ਗਈ। ਇਸ ਮੌਕੇ ਮੌਜੂਦਾ ਸਰਪੰਚ ਸੁਰਿੰਦਰ ਕੌਰ, ਉਨ੍ਹਾਂ ਦੇ ਪਤੀ ਪ੍ਰਤਾਪ ਸਿੰਘ, ਸਾਬਕਾ ਸਰਪੰਚ ਸੂਬੇਦਾਰ ਅਮਰ ਸਿੰਘ, ਪੰਚ ਗੀਤਾ, ਪੰਚ ਰਣਧੀਰ ਸਿੰਘ, ਪੰਚ ਕੰਵਰ ਵਿਕਾਸ ਕੁਮਾਰ, ਗੌਤਮ ਦਿਨੇਸ਼ ਬਿੱਟੂ, ਸੁਨੀਲ ਮੋਹਲ, ਰਾਜਿੰਦਰ ਰਾਜੂ, ਸਰਕਾਰੀ ਮਿਡਲ ਸਕੂਲ ਮਾਜਰੀ ਦੇ ਇੰਚਾਰਜ ਕੰਵਲਜੀਤ ਕੌਰ, ਮਾਸਟਰ ਹੀਰਾ ਸਿੰਘ, ਪੂਨਮ, ਰਵਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਦੇ ਇੰਚਾਰਜ ਬਲਜੀਤ ਸਿੰਘ, ਰਾਜੇਸ਼ ਜੋਸ਼ੀ, ਅਜੇ ਗੋਇਲ, ਸੋਨੂੰ ਬਾਲਾ, ਵਿਨੋਦ ਕੁਮਾਰ, ਵਿਕਾਸ, ਸੰਦੀਪ ਕੌਰ ਅਤੇ ਹਰਜਿੰਦਰ ਕੌਰ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਆਜ਼ਾਦੀ ਦਿਵਸ ਸ਼ਾਨੋ - ਸ਼ੌਕਤ ਨਾਲ ਕੁਰਾਲੀ, (ਹਰਪ੍ਰੀਤ ਸਿੰਘ)- ਸ਼ਹਿਰ ਦੇ ਮੋਰਿੰਡਾ ਮਾਰਗ ‘ਤੇ ਸਥਿਤ ਨੈਸ਼ਨਲ ਪਬਲਿਕ ਸਕੂਲ ‘ਚ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਸੰਤੋਸ਼ ਸ਼ਰਮਾ, ਮੈਨੇਜਰ ਅਮਨ ਸ਼ਰਮਾ ਅਤੇ ਖ਼ਜ਼ਾਨਚੀ ਈਸ਼ ਅਗਰਵਾਲ ਦੀ ਅਗਵਾਈ ਤੇ ਸਕੂਲ ਦੀ ਮੁੱਖ ਅਧਿਆਪਕਾ ਡਾ. ਕਵਿਤਾ ਕੁੰਦਰਾ ਦੀ ਦੇਖ-ਰੇਖ ‘ਚ ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਦੇ ਮੈਂਬਰ ਖ਼ਜ਼ਾਨਚੀ ਈਸ਼ ਅਗਰਵਾਲ ਅਤੇ ਮੈਨੇਜਰ ਅਮਨ ਸ਼ਰਮਾ ਵਲੋਂ ਤਿੰਰਗਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਵਿਦਿਾਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਪੁਰਾਣੇ ਵਿਦਿਆਰਥੀ ਹੈਂਡਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਅਰੁਣ ਸ਼ਰਮਾ ਅਤੇ ਹਾਕੀ ਦੀ ਅੰਤਰਰਾਸ਼ਟਰੀ ਖਿਡਾਰਨ ਮਿਸ. ਰਸ਼ਨਪ੍ਰੀਤ ਕੌਰ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਐਨ. ਸੀ. ਸੀ. ਕੈਡਿਟ ਦੁਆਰਾ ਪਰੇਡ ਕੀਤੀ ਗਈ ਅਤੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ, ਜਿਨ੍ਹਾਂ ‘ਚ ਦੇਸ਼-ਭਗਤੀ ਨਾਲ ਸੰਬੰਧਿਤ ਗੀਤ, ਮਨਮੋਹਕ ਨਾਚ, ਕਵਿਤਾ ਗਾਇਨ, ਡਾਂਡੀ ਮਾਰਚ ਅਤੇ ਭੰਗੜੇ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦੇ ਅਖ਼ੀਰ ‘ਚ ਸਕੂਲ ਦੇ ਮੁੱਖ ਅਧਿਆਪਕਾ ਕਵਿਤਾ ਕੁੰਦਰਾ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਸੱਚੇ ਦੇਸ਼-ਭਗਤ ਅਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਕਰਦਿਆਂ ਆਏ ਮਹਿਮਾਨ ਦਾ ਧੰਨਵਾਦ ਕੀਤਾ। ਆਜ਼ਾਦੀ ਦਿਹਾੜਾ ਧੂਮਧਾਮ ਨਾਲ ਪੰਚਕੂਲਾ, (ਕਪਿਲ)- ਸਥਾਨਕ ਸੈਕਟਰ-5 ਦੇ ਪਰੇਡ ਗਰਾਊਂਡ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਸਮਾਗਮ ‘ਚ ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਤਿਰੰਗਾ ਲਹਿਰਾ ਕੇ ਪਰੇਡ ਤੋਂ ਸਲਾਮੀ ਲਈ। ਇਸ ਤੋਂ ਪਹਿਲਾਂ ਉਨ੍ਹਾਂ ਸੈਕਟਰ-12 ਸਥਿਤ ਸ਼ਹੀਦੀ ਸਮਾਰਕ ਵਿਖੇ ਪੁਸ਼ਪ ਚੱਕਰ ਭੇਟ ਕਰਕੇ ਦੇਸ਼ ਦੀ ਆਜ਼ਾਦੀ ਲਈ ਜੀਵਨ ਦਾ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਹਰਿਆਣਾ ਸੂਰਬੀਰਾਂ, ਤਿਆਗਆਂ ਅਤੇ ਦੇਸ਼-ਭਗਤਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ 10 ਮਈ 1857 ਨੂੰ ਅੰਬਾਲਾ ਤੋਂ ਉੱਠੀ ਆਜ਼ਾਦੀ ਅੰਦੋਲਨ ਦੀ ਚਿੰਗਾਰੀ ਨੇ ਪੂਰੇ ਦੇਸ਼ ‘ਚ ਆਜ਼ਾਦੀ ਦੀ ਲਹਿਰ ਨੂੰ ਮਘਾ ਦਿੱਤਾ ਸੀ। ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਸਰਕਾਰ ਸ਼ਹੀਦ ਪਰਿਵਾਰਾਂ ਦੇ ਸਨਮਾਨ ਅਤੇ ਭਲਾਈ ਲਈ ਵਚਨਬੱਧ ਹੈ। ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼ਹੀਦ ਮੇਜਰ ਅਨੁਜ ਰਾਜਪੂਤ ਦੇ ਪਿਤਾ ਕੁਲਵੰਸ਼ ਸਿੰਘ ਸਮੇਤ ਜੰਗ ‘ਚ ਸ਼ਹੀਦ ਹੋਏ ਜਵਾਨਾਂ ਦੀਆਂ ਪਤਨੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਜੇਤੂ ਟੁਕੜੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਅਦਿੱਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਵੇਕ ਆਰਿਆ, ਐਸ. ਡੀ. ਐਮ. ਚੰਦਰਕਾਂਤ ਕਟਾਰੀਆ, ਨਗਰ ਨਿਗਮ ਕਮਿਸ਼ਨਰ ਵਿਨੈ ਕੁਮਾਰ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਮੇਅਰ ਸ਼ਿਆਮ ਲਾਲ ਬੰਸਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ। ਕੁਰਾਲੀ ਨਗਰ ਕੌਂਸਲ ਦੇ ਦਫ਼ਤਰ ਵਿਖੇ ਆਜ਼ਾਦੀ ਦਿਵਸ ਕੁਰਾਲੀ, (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ‘ਚ ਆਜ਼ਾਦੀ ਦਿਹਾੜੇ ਸੰਬੰਧੀ ਮੁੱਖ ਸਮਾਗਮ ਨਗਰ ਕੌਂਸਲ ਦਫ਼ਤਰ ਵਿਖੇ ਕਰਵਾਇਆ ਗਿਆ। ਨਗਰ ਕੌਂਸਲ ਦੀ ਮੀਤ ਪ੍ਰਧਾਨ ਸ਼ਮ੍ਹਾ ਕਾਲੀਆ ਦੀ ਅਗਵਾਈ ਅਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਬਹਾਦਰ ਸਿੰਘ ਓ. ਕੇ. ਅਤੇ ਪੁਲਿਸ ਦੇ ਜਵਾਨਾਂ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਇਸੇ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਸਮਾਗਮ ਦੌਰਾਨ ਨਗਰ ਕੌਂਸਲ ਦੀ ਇੰਸਪੈਕਟਰ ਰੇਨੂੰ ਬਾਲਾ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜਾਰੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਬਜ਼ੁਰਗ ਸਮਾਜ ਸੇਵੀ ਤੇ ਸਾਬਕਾ ਕੌਂਸਲਰ ਰਾਣਾ ਨਰਪਾਲ ਸਿੰਘ ਨੂੰ ਉਨ੍ਹਾਂ ਵਲੋਂ ਕੀਤੇ ਗਏ ਸਮਾਜ ਸੇਵੀ ਕਾਰਜਾਂ ਲਈ ਬਹਾਦਰ ਸਿੰਘ ਓ. ਕੇ. ਦੀ ਅਗਵਾਈ ‘ਚ ਕੌਂਸਲ ਦੀ ਟੀਮ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਪ੍ਰਦੀਪ ਕੁਮਾਰ ਰੂੜ੍ਹਾ, ਕੌਂਸਲਰ ਡਾ. ਅਸ਼ਵਨੀ ਸ਼ਰਮਾ, ਕੌਂਸਲਰ ਰਾਜੇਸ਼ ਰਾਣਾ, ਕੌਂਸਲਰ ਜੀਤਾ ਆਦਿ ਕੌਂਸਲਰਾਂ ਤੋਂ ਇਲਾਵਾ ਰਮਾਕਾਂਤ ਕਾਲੀਆ, ਹੈਪੀ ਧੀਮਾਨ ਤੇ ਰਾਣਾ ਸੁਖਬੀਰ ਸਿੰਘ ਸਮੇਤ ਹੋਰ ਸਥਾਨਕ ਪਤਵੰਤੇ ਵੀ ਹਾਜ਼ਰ ਸਨ। ਆਜ਼ਾਦੀ ਦਿਵਸ ਮਨਾਇਆ ਜ਼ੀਰਕਪੁਰ, (ਮਨਿੰਦਰ ਸਿੰਘ)-ਆਜ਼ਾਦੀ ਦਿਵਸ ਅਤੇ ਤੀਆਂ ਦੇ ਤਿਉਹਾਰ ਮੌਕੇ ਮਿਸਟ ਹਸਪਤਾਲ ਬਲਟਾਣਾ ਵਿਖੇ ਹਸਪਤਾਲ ਦੇ ਵਿਹੜੇ ‘ਚ ਸ਼ਾਨਦਾਰ ਸਮਾਗਮ ਕਰਵਾਇਆ। ਸਮਾਗਮ ਦੀ ਸ਼ੁਰੂਆਤ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਵਲੋਂ ਤਿਰੰਗਾ ਝੰਡਾ ਲਹਿਰਾਉਣ ਨਾਲ ਹੋਈ। ਇਸ ਉਪਰੰਤ ਹਾਜ਼ਰ ਲੋਕਾਂ ਨੇ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਮਾਹੌਲ ਭਾਵਨਾਤਮਕ ਬਣਾ ਦਿੱਤਾ। ਇਸ ਤੋਂ ਬਾਅਦ ਮਨਾਏ ਤੀਆਂ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਔਰਤਾਂ ਨੇ ਆਜ਼ਾਦੀ ਦਿਵਸ ਤੇ ਤੀਆਂ ਦਾ ਜਸ਼ਨ ਮਨਾਇਆ। ਇਸ ਮੌਕੇ ਮਿਸਟ ਹਸਪਤਾਲ ਦੇ ਮਾਲਕ ਸਤਨਾਮ ਸਿੰਘ ਤੇ ਸੁਖਦੇਵ ਸਿੰਘ ਨੇ ਹਾਜ਼ਰ ਮਹਿਮਾਨਾਂ ਤੇ ਇਲਾਕਾ ਵਾਸੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਨੂੰ ਆਪਸ ‘ਚ ਜੋੜਨ ਦੇ ਨਾਲ-ਨਾਲ ਸਾਡੀ ਸੱਭਿਆਚਾਰਕ ਵਿਰਾਸਤ, ਰਵਾਇਤਾਂ ਤੇ ਕੌਮੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਮਲਟੀਟੈਕ ਟਾਵਰ ਸੈਕਟਰ -91 ਵਿਖੇ ਆਜ਼ਾਦੀ ਦਿਵਸ ਐੱਸ. ਏ. ਐੱਸ. ਨਗਰ, (ਕਪਿਲ ਵਧਵਾ)-ਮਲਟੀਟੈੱਕ ਟਾਵਰ ਸੈਕਟਰ-91 ਮੁਹਾਲੀ ਵਿਖੇ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ (ਆਰ. ਡਬਲਿਊ. ਏ.) ਵਲੋਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ‘ਚ ਮਲਟੀਟੈੱਕ ਟਾਵਰ ਦੇ ਵੱਡੀ ਗਿਣਤੀ ਵਸਨੀਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮਹਿਲਾ ਸਸ਼ਕਤੀਕਰਨ ਅਤੇ ਸਮਾਜ ‘ਚ ਮਹਿਲਾਵਾਂ ਦੀ ਬਰਾਬਰ ਭੂਮਿਕਾ ਦਾ ਸੰਦੇਸ਼ ਦਿੰਦਿਆਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਹਰਮਨਜੀਤ ਸਿੰਘ ਕਰਨਲ ਵਲੋਂ ਅਦਾ ਕੀਤੀ ਗਈ। ਇਸ ਮੌਕੇ ਜਗਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਹੈਰੀ, ਜੇ. ਐਸ. ਭਾਟੀਆ, ਵਰਨਦੀਪ ਸਿੰਘ ਬਮਰਾ, ਨਰਿੰਦਰ ਸਿੰਘ ਕੋਹਲੀ, ਰਵਿੰਦਰ ਕੁਮਾਰ, ਰਾਕੇਸ਼ ਸ਼ਰਮਾ, ਬਿਸ਼ਨ ਲਾਲ ਆਹੂਜਾ, ਹਰਜੀਤ ਸਿੰਘ ਸੇਠੀ, ਜਗਮੀਤ ਸਿੰਘ ਕੰਗ, ਗੁੰਜਨ, ਬਲਬੀਰ ਕੌਰ, ਜਤਿੰਦਰ ਸੇਠੀ, ਰਵਿੰਦਰ ਕੌਰ ਬਮਰਾ ਅਤੇ ਅੰਕਿਤਾ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਝੰਡਾ ਲਹਿਰਾਉਣ ਉਪਰੰਤ ਹਾਜ਼ਰੀਨਾਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਦੇਸ਼ ਦੀ ਏਕਤਾ, ਅਖੰਡਤਾ, ਸ਼ਾਂਤੀ ਤੇ ਤਰੱਕੀ ਲਈ ਵਚਨਬੱਧਤਾ ਪ੍ਰਗਟਾਈ ਗਈ। ਇਸ ਮੌਕੇ ਮਲਟੀਟੈੱਕ ਟਾਵਰ ਦਾ ਮਾਹੌਲ ਦੇਸ਼-ਭਗਤੀ ਦੇ ਜਜ਼ਬੇ ਨਾਲ ਭਰਿਆ ਰਿਹਾ। ਅੰਤ ਵਿਚ ਆਰ. ਡਬਲਿਊ. ਏ. ਵਲੋਂ ਸਮੂਹ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੇ ਰਾਸ਼ਟਰੀ ਸਮਾਗਮ ਆਪਸੀ ਏਕਤਾ, ਭਾਈਚਾਰੇ ਅਤੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਨਗਰ ਕੌਂਸਲ ਲਾਲੜੂ ਵਿਖੇ ਆਜ਼ਾਦੀ ਦਿਵਸ ਲਾਲੜੂ, (ਰਾਜਬੀਰ ਸਿੰਘ)- ਆਜ਼ਾਦੀ ਦਿਵਸ ਮੌਕੇ ਨਗਰ ਕੌਂਸਲ ਲਾਲੜੂ ਵਿਖੇ ਆਜ਼ਾਦੀ ਦਿਵਸ ਪੂਰੇ ਜੋਸ਼, ਉਤਸ਼ਾਹ ਤੇ ਦੇਸ਼-ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ‘ਚ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਰੰਧਾਵਾ ਦੀ ਮੌਜੂਦਗੀ ‘ਚ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਜ਼ੋਰਾਵਰ ਸਿੰਘ ਵਲੋਂ ਤਿਰੰਗਾ ਲਹਿਰਾ ਕੇ ਦੇਸ਼ ਦੀ ਆਜ਼ਾਦੀ ਅਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਲਾਮ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਆਜ਼ਾਦੀ ਸਾਨੂੰ ਸਾਡੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਮਿਲਜੁੱਲ ਕੇ ਕੰਮ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਲਾਲੜੂ ਦੇ ਵਿਕਾਸ ਨੂੰ ਵੀ ਪਹਿਲ ਦੇ ਆਧਾਰ ‘ਤੇ ਅੱਗੇ ਲਿਜਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸੀਨੀਅਰ ਵਾਈਸ ਪ੍ਰਧਾਨ ਹਰੀਸ਼ ਮਦਾਨ, ਵਾਈਸ ਪ੍ਰਧਾਨ ਅਮਨ ਰਾਣਾ, ਕੌਂਸਲਰ ਸਾਹਿਬਾਨ, ਵਾਰਡ ਇੰਚਾਰਜ, ਪੰਚ-ਸਰਪੰਚ, ਨਗਰ ਕੌਂਸਲ ਦੇ ਅਧਿਕਾਰੀ-ਕਰਮਚਾਰੀ, ਸ਼ਹਿਰ ਵਾਸੀ ਤੇ ਹੋਰ ਹਾਜ਼ਰ ਸਨ। ਓਮ ਜੀ ਸੰਸਥਾ ਦੇ ਸਮਾਗਮ ’ ਚ ਪਰਮਿੰਦਰ ਸਿੰਘ ਗੋਲਡੀ ਨੇ ਲੁਆਈ ਹਾਜ਼ਰੀ ਖਰੜ, (ਗੁਰਮੁੱਖ ਸਿੰਘ ਮਾਨ)- ਸ੍ਰੀ ਰਾਮ ਭਵਨ ਖਰੜ ਵਿਖੇ ਓਮ ਜੀ ਸੰਸਥਾ ਵਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਸਰਕਾਰ ਦੇ ਯੂਥ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਪਰਮਿੰਦਰ ਸਿੰਘ ਗੋਲਡੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਗੋਲਡੀ ਨੇ ਕਿਹਾ ਕਿ ਅੱਜ ਅਸੀਂ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਸਾਡੇ ਸ਼ਹੀਦਾਂ ਦੀ ਦੇਣ ਹੈ। ਇਸ ਮੌਕੇ ਓਮ ਜੀ ਸੰਸਥਾ ਦੇ ਜ਼ਿਲ੍ਹਾ ਇੰਚਾਰਜ ਨਿਰਮਲ ਚੌਹਾਨ ਨੇ ਦੱਸਿਆ ਕਿ ਸਮਾਗਮ ‘ਚ ਜਨਕ ਮਗੋਟਾ, ਅਨਿਲ ਵਰਮਾ, ਵਿਜੈ ਬੰਸਲ, ਚਾਂਦ ਗੁਪਤਾ, ਊਸ਼ਾ ਰਾਣੀ, ਤੇ ਰੇਨੂੰ ਸਮੇਤ ਸੰਸਥਾ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ। ਸਮਾਗਮ ਵਿਚ ਦੇਸ਼ ਭਗਤੀ ਦੀ ਭਾਵਨਾ ਦਾ ਸੰਕਲਪ ਲਿਆ ਗਿਆ ਤੇ ਲੱਡੂ ਵੰਡੇ ਗਏ। ਲਾਇਨਜ਼ ਕਲੱਬ ਵਲੋਂ ਵਿਦਿਆਰਥਣਾਂ ਦਾ ਸਨਮਾਨ ਖਰੜ, 16 ਅਗਸਤ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਆਜ਼ਾਦੀ ਦਿਵਸ ਮੌਕੇ ਸਮਾਗਮ ਦੌਰਾਨ ਰਾਸ਼ਟਰੀ ਗੀਤ ਗਾਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਮੈਂਬਰ ਰਵਿੰਦਰ ਟੰਡਨ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ ਦੀ ਅਗਵਾਈ ਵਿਚ ਇਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੱਡੂ ਵੀ ਵੰਡੇ ਗਏ। ਇਸ ਮੌਕੇ ਸੁਨੀਲ ਛਾਬੜਾ, ਸੰਜੀਵ ਕੁਮਾਰ ਤੇ ਪਰਮਜੀਤ ਸਿੰਘ ਸਮੇਤ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ। ਲਾਲੜੂ ‘ ਚ ਭਾਜਪਾ ਵਲੋਂ ਤਿਰੰਗਾ ਯਾਤਰਾ ਲਾਲੜੂ, (ਰਾਜਬੀਰ ਸਿੰਘ)- ਭਾਰਤੀ ਜਨਤਾ ਪਾਰਟੀ ਮੰਡਲ ਲਾਲੜੂ ਵਲੋਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ‘ਚ ਭਾਜਪਾ ਆਗੂਆਂ, ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਮੰਡਲ ਪ੍ਰਧਾਨ ਸੰਜੂ ਰਾਣਾ, ਪੰਜਾਬ ਭਾਜਪਾ ਦੀ ਸਕੱਤਰ ਏਕਤਾ ਨਾਗਪਾਲ, ਜ਼ਿਲ੍ਹਾ ਮੀਤ ਪ੍ਰਧਾਨ ਰਾਜਪਾਲ ਰਾਣਾ, ਰਵਿੰਦਰ ਰਾਣਾ, ਐਡਵੋਕੇਟ ਰਾਜੇਸ਼ ਰਾਣਾ, ਜਸਮੇਰ ਰਾਣਾ, ਰਾਜੀਵ ਸ਼ਰਮਾ, ਸੁਰਹਿੰਦਰ ਸਿੰਘ ਖਜੂਰ ਮੰਡੀ, ਅਨੁਜ ਰਾਣਾ, ਵਿਕਾਸ ਕੁਮਾਰ ਅਤੇ ਨਵੀਨ ਸ਼ਰਮਾ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ। ਤਿਰੰਗਾ ਯਾਤਰਾ ਭਾਜਪਾ ਦਫ਼ਤਰ ਤੋਂ ਸ਼ੁਰੂ ਹੋਈ ਅਤੇ ਲਾਲੜੂ ਆਈ. ਟੀ. ਆਈ. ਚੌਕ ਤੇ ਲਾਲੜੂ ਮੰਡੀ ਤੋਂ ਹੁੰਦੀ ਹੋਈ ਮੁੜ ਭਾਜਪਾ ਦਫ਼ਤਰ ਵਿਖੇ ਸਮਾਪਤ ਹੋਈ। ਯਾਤਰਾ ਦੌਰਾਨ ਟਰੈਕਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਦੇ ਕਾਫ਼ਲੇ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਪੈਦਲ ਵੀ ਸ਼ਾਮਿਲ ਹੋਏ। ਭਾਗੀਦਾਰਾਂ ਨੇ ਹੱਥਾਂ ‘ਚ ਤਿਰੰਗੇ ਝੰਡੇ ਲੈ ਕੇ ਦੇਸ਼ ਪ੍ਰਤੀ ਆਪਣਾ ਸਤਿਕਾਰ ਅਤੇ ਏਕਤਾ ਦਾ ਸੰਦੇਸ਼ ਦਿੱਤਾ। ਇਸ ਦੌਰਾਨ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਮਾਹੌਲ ਦੇਸ਼ਭਗਤੀ ਦੇ ਰੰਗ ‘ਚ ਰੰਗਿਆ ਰਿਹਾ। ਭਾਜਪਾ ਆਗੂਆਂ ਨੇ ਕਿਹਾ ਕਿ ਤਿਰੰਗਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਜ਼ਾਦੀ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਮੰਦਰ ਖਰੜ ਵਿਖੇ ਕਥਾ ਅੱਜ ਤੋਂ ਅਗਲੀ ਖ਼ਬਰ ਸ੍ਰੀ ਨੈਣਾ ਦੇਵੀ ਮੰਦਰ ਮਲਕਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24