ਖਮਾਣੋ, 10 ਨਵੰਬਰ (ਮਨਮੋਹਣ ਸਿੰਘ ਕਲੇਰ) – ਖਮਾਣੋ ਇਲਾਕੇ ਦੇ ਪਿੰਡ ਬਰਵਾਲੀ ਕਲਾਂ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ 24 ਘੰਟਿਆਂ ਦੇ ਅੰਦਰ ਪਿੰਡ ਦੇ ਦੋ ਵਿਅਕਤੀਆਂ ਦੀਆਂ ਵੱਖ-ਵੱਖ ਸਮਿਆਂ ਦੌਰਾਨ ਪਿੰਡ ਜਟਾਣਾ ਊਚਾ ਨੇੜੇ ਰੇਲਵੇ ਟਰੈਕ ਤੋਂ ਲਾਸ਼ਾਂ ਮਿਲੀਆਂ।
ਜਾਣਕਾਰੀ ਅਨੁਸਾਰ ਪਿੰਡ ਬਰਵਾਲੀ ਕਲਾਂ ਦੇ ਰਹਿਣ ਵਾਲੇ ਸਾਬਕਾ ਫੌਜੀ ਰਵਿੰਦਰ ਕੁਮਾਰ (55) ਪੁੱਤਰ ਸਜਿੰਦਰ ਕੁਮਾਰ ਦੀ ਲਾਸ਼ ਬੀਤੇ ਦਿਨ ਪਿੰਡ ਜਟਾਣਾ ਊਚਾ ਨੇੜੇ ਰੇਲਵੇ ਲਾਈਨ ਕੋਲੋਂ ਮਿਲੀ ਸੀ। ਇਸ ਘਟਨਾ ਤੋਂ ਬਾਅਦ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਇਸੇ ਪਿੰਡ ਦੇ ਇਕ ਹੋਰ ਵਸਨੀਕ ਸਤਵੀਰ ਸਿੰਘ, ਪੁੱਤਰ ਸੁਖਦੇਵ ਸਿੰਘ ਦੀ ਲਾਸ਼ ਵੀ ਰੇਲਵੇ ਟਰੈਕ ਨੇੜਿਓਂ ਮਿਲੀ।
ਰੇਲਵੇ ਪੁਲਿਸ ਚੌਕੀ ਸਮਰਾਲਾ ਦੇ ਇੰਚਾਰਜ ਥਾਣੇਦਾਰ ਹਿੰਮਤ ਸਿੰਘ ਅਤੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਕੁਮਾਰ ਦੇ ਛੋਟੇ ਭਰਾ ਰਜਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਰਵਿੰਦਰ ਕੁਮਾਰ ਰਾਤ ਸਮੇਂ ਅਚਾਨਕ ਘਰੋਂ ਬਾਹਰ ਚਲੇ ਗਏ ਸਨ ਅਤੇ ਰੇਲਵੇ ਟਰੈਕ 'ਤੇ ਰੇਲਗੱਡੀ ਦੀ ਲਪੇਟ ਵਿਚ ਆ ਗਏ।
ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਬੀ.ਐੱਨ.ਐੱਸ. ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਸੀ। ਉਧਰ ਦੂਜੇ ਮਾਮਲੇ ਵਿਚ ਸਤਵੀਰ ਸਿੰਘ ਦੇ ਪਿਤਾ ਦੇ ਕਿਸੇ ਹੋਰ ਸੂਬੇ ਵਿੱਚ ਹੋਣ ਕਾਰਨ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਅਨੁਸਾਰ ਸਤਵੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪੇ੍ਸ਼ਾਨ ਰਹਿੰਦਾ ਸੀ। 24 ਘੰਟਿਆਂ ਵਿਚ ਇਕੋ ਪਿੰਡ ਦੇ ਦੋ ਵਿਅਕਤੀਆਂ ਦੀ ਮੌਤ ਨਾਲ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।