ਰੂਪਨਗਰ, 20 ਜੂਨ (ਸਤਨਾਮ ਸਿੰਘ ਸੱਤੀ)- ਗੋਪਾਲ ਗਊਸ਼ਾਲਾ ਰੂਪਨਗਰ ਦੇ ਮੰਦਰ ਹਾਲ ਵਿਚ ਅੱਜ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਜੇ ਗੁਪਤਾ (ਸੀ.ਏ., ਦਿੱਲੀ), ਉਮੇਸ਼ ਗੁਪਤਾ, ਨਿਤਿਨ ਗੁਪਤਾ ਤੇ ਅਜੈ ਗੁਪਤਾ (ਯੂ.ਐਸ.ਏ.) ਵਲੋਂ ਆਪਣੇ ਸਵਰਗਵਾਸੀ ਮਾਤਾ ਸ੍ਰੀਮਤੀ ਦਰਸ਼ਨਾਂ ਦੇਵੀ ਅਤੇ ਪਿਤਾ ਸਤਪਾਲ ਗੁਪਤਾ ਦੀ ਨਿੱਘੀ ਯਾਦ ਵਿਚ ਲਗਭਗ 2.50 ਲੱਖ ਰੁਪਏ ਦੀ ਲਾਗਤ ਵਾਲਾ ਇੱਕ ਇਲੈਕਟ੍ਰਿਕ ਵਾਹਨ (ਈ.ਵੀ.) ਗਊਸ਼ਾਲਾ ਨੂੰ ਦਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਵਾਹਨ ਸ਼ਹਿਰ ਭਰ ਵਿਚੋਂ ਗਊ ਭਗਤਾਂ ਵਲੋਂ ‘ਗਊ ਦੇ ਨਾਮ ਪਹਿਲੀ ਰੋਟੀ’, ਅਨਾਜ, ਹਰਾ ਚਾਰਾ ਤੇ ਹੋਰ ਗਊਆਂ ਲਈ ਖਾਣਯੋਗ ਸਮਗਰੀ ਅਤੇ ਦਾਨ ਰਾਸ਼ੀ ਇਕੱਠੀ ਕਰਨ ਲਈ ਵਰਤਿਆ ਜਾਵੇਗਾ। ਇਸ ਵਾਹਨ ਦੀ ਖ਼ਰੀਦ ਲਈ ਗਾਂਧੀ ਮੈਮੋਰੀਅਲ ਸਕੂਲ ਦੇ ਪੁਰਾਣੇ ਸਾਥੀਆਂ ਸ਼ਿਵਚਰਨ ਸ਼ਰਮਾ, ਡਾ. ਰਾਮਪਾਲ, ਸ਼ਿਵ ਕੁਮਾਰ ਸ਼ਰਮਾ, ਮਹੇਸ਼ ਕਪੂਰ, ਰਜੀਵ ਕੁੰਦਰਾ ਤੇ ਸ੍ਰੀ ਅਗਰਵਾਲ ਨੇ ਵੀ ਸਹਿਯੋਗ ਦਿੱਤਾ। ਸਮਾਗਮ ਦੌਰਾਨ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਗੁਪਤਾ ਭਰਾਵਾਂ, ਸ੍ਰੀਮਤੀ ਰਜਨੀ ਗੁਪਤਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਆਚਾਰੀਆ ਸ਼ੋਨਲ ਵਲੋਂ ਵਾਹਨ ਦੀ ਪੂਜਾ-ਅਰਚਨਾ ਕਰਵਾਈ ਗਈ। ਇਸ ਉਪਰੰਤ ਦਾਨੀ ਸੱਜਣਾਂ ਨੇ ਵਾਹਨ ਦੀਆਂ ਚਾਬੀਆਂ ਅਤੇ ਰਜਿਸਟਰੇਸ਼ਨ ਦੀ ਕਾਪੀ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਇੰਜੀਨੀਅਰ ਭਾਰਤ ਭੂਸ਼ਨ ਸ਼ਰਮਾ ਨੂੰ ਸੌਂਪੀ। ਆਪਣੇ ਸੰਬੋਧਨ ਦੌਰਾਨ ਇੰਜੀਨੀਅਰ ਭਾਰਤ ਭੂਸ਼ਨ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਹਰ ਮਹੀਨੇ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਜਦਕਿ ਗਊਸ਼ਾਲਾ ਦੇ ਸੰਚਾਲਨ ਲਈ ਹਰ ਮਹੀਨੇ 10 ਤੋਂ 12 ਲੱਖ ਰੁਪਏ ਤੱਕ ਦਾ ਖ਼ਰਚ ਆਉਂਦਾ ਹੈ। ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਜੀਨੀਅਰ ਪ੍ਰਦੀਪ ਧਵਨ, ਮੂਲ ਰਾਜ ਸ਼ਰਮਾ, ਸ਼ਿਵ ਕਾਂਤ ਕਾਲੀਆ, ਮਹੇਸ਼ ਉਬਰਾਏ, ਵਿਨੋਦ ਬਾਂਸਲ, ਬਲਬੀਰ ਸ਼ਰਮਾ, ਸੂਰਜ ਪ੍ਰਕਾਸ਼ (ਪੱਪੂ), ਹਰੀਸ਼ ਸੈਣੀ, ਇੰਜੀਨੀਅਰ ਰਾਜਕੁਮਾਰ ਸ਼ਰਮਾ, ਰਾਜਕੁਮਾਰ ਕਪੂਰ, ਵਿਜੈ ਕਾਲੜਾ, ਅਮਿਤ ਜੈਨ ਐਡਵੋਕੇਟ, ਅਸ਼ੋਕ ਸੇਠੀ, ਸਵਤੰਤਰ ਕੌਂਸਲ, ਮਾਸਟਰ ਸੁਨੀਲ ਸ਼ਰਮਾ, ਇੰਜੀਨੀਅਰ ਸਤੀਸ਼ ਵੋਹਰਾ, ਗੌਰਵ ਕੋਹਲੀ, ਨਿਤਿਨ ਜੈਨ, ਇੰਜੀਨੀਅਰ ਹੰਸਰਾਜ, ਰਜੀਵ ਕੁੰਦਰਾ ਅਤੇ ਵਰਿੰਦਰ ਜੈਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।