08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਸਿਰ ਸਜ ਸਕਦਾ ਹੈ ਨਗਰ ਕੌਂਸਲ ਰੂਪਨਗਰ ਦੀ ਪ੍ਰਧਾਨਗੀ ਦਾ ਤਾਜ

Ad Position 21
No active advertisement
ਅਜੀਤ ਡੈਸਕ 23-06-2026
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੀ ਅੱਜ ਹੋਣ ਵਾਲੀ ਪਲੇਠੀ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਚੋਣ ਕੀਤੀ ਜਾਵੇਗੀ। ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਸਪੱਸ਼ਟ ਬਹੁਮਤ ਦੇ ਮੱਦੇਨਜ਼ਰ ਇਹ ਲਗਪਗ ਤੈਅ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਨਗਰ ਕੌਂਸਲ ਰੂਪਨਗਰ ਦੇ ਨਵੇਂ ਪ੍ਰਧਾਨ ਚੁਣੇ ਜਾਣਗੇ। ਰਾਜੂ ਸਤਿਆਲ ਪਿਛਲੇ ਕਾਰਜਕਾਲ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਨਗਰ ਕੌਂਸਲ ਵਿਚ ਪਹੁੰਚੇ ਸਨ, ਪਰ ਉਸ ਸਮੇਂ ਵੀ ਉਹ ਆਮ ਆਦਮੀ ਪਾਰਟੀ ਦੇ ਇਕਲੌਤੇ ਸਮਰਥਕ ਕੌਂਸਲਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕੌਂਸਲ ਵਿਚ ਲੋਕ ਮੁੱਦਿਆਂ ਨੂੰ ਉਭਾਰਨ ਦੇ ਨਾਲ-ਨਾਲ ਪਾਰਟੀ ਦੇ ਸੰਗਠਨਾਤਮਕ ਢਾਂਚੇ ਵਿਚ ਵੀ ਅਹਿਮ ਭੂਮਿਕਾ ਨਿਭਾਈ। ਪਾਰਟੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਰਗਰਮੀ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਪਿਛਲੇ ਕਾਰਜਕਾਲ ਦੌਰਾਨ ਨਗਰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਵੀ ਬਣਾਇਆ ਗਿਆ ਸੀ।
ਆਮ ਆਦਮੀ ਪਾਰਟੀ ਨਾਲ ਲੰਮਾ ਸਿਆਸੀ ਸਫ਼ਰ : ਇੰਦਰਪਾਲ ਸਿੰਘ ਰਾਜੂ ਸਤਿਆਲ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਪੰਜਾਬ ਅੰਦਰ ਹੋਈਆਂ ਵੱਖ-ਵੱਖ ਜ਼ਿਮਨੀ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਦੇ ਨਾਲ-ਨਾਲ ਪਾਰਟੀ ਵਲੋਂ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਤਹਿਤ ਗੁਜਰਾਤ, ਦਿੱਲੀ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਕੀਤਾ। ਪਾਰਟੀ ਸੰਗਠਨ ਅੰਦਰ ਮਿਲੀ ਹਰ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ ਇਮਾਨਦਾਰੀ ਅਤੇ ਲਗਨ ਨਾਲ ਨਿਭਾਇਆ ਹੈ। ਪਾਰਟੀ ਵਿਚ ਉਨ੍ਹਾਂ ਦੀ ਲੰਬੇ ਸਮੇਂ ਦੀ ਸਰਗਰਮੀ ਅਤੇ ਸਮਰਪਣ ਕਾਰਨ ਉਨ੍ਹਾਂ ਦੇ ਉੱਚ ਪੱਧਰੀ ਲੀਡਰਸ਼ਿਪ ਨਾਲ ਵੀ ਚੰਗੇ ਸਬੰਧ ਬਣੇ ਹੋਏ ਹਨ। ਉਹ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਵੀ ਕਰੀਬੀ ਅਤੇ ਭਰੋਸੇਮੰਦ ਸਾਥੀਆਂ ਵਿਚ ਗਿਣੇ ਜਾਂਦੇ ਹਨ।
ਸਿਆਸੀ ਵਿਰਾਸਤ ਵਾਲਾ ਪਰਿਵਾਰ : ਰਾਜੂ ਸਤਿਆਲ ਇੱਕ ਪ੍ਰਮੁੱਖ ਸਿਆਸੀ ਤੇ ਸਮਾਜਿਕ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਸਵ. ਅਮਰਜੀਤ ਸਿੰਘ ਸਤਿਆਲ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਗੁਰਦੁਆਰਾ ਸਿੰਘ ਸਭਾ ਰੂਪਨਗਰ ਦੇ ਵੀ ਲੰਬੇ ਸਮੇਂ ਤੱਕ ਪ੍ਰਧਾਨ ਰਹੇ। ਸਤਿਆਲ ਪਰਿਵਾਰ ਦੀ ਰੂਪਨਗਰ ਦੀ ਸਮਾਜਿਕ ਅਤੇ ਸਿਆਸੀ ਜ਼ਿੰਦਗੀ ਵਿਚ ਹਮੇਸ਼ਾ ਅਹਿਮ ਪਛਾਣ ਰਹੀ ਹੈ। ਪਰਿਵਾਰ ਦਾ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ ਰਿਹਾ, ਪਰ ਬਦਲਦੇ ਸਿਆਸੀ ਹਾਲਾਤਾਂ ਦੌਰਾਨ ਰਾਜੂ ਸਤਿਆਲ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਲਗਾਤਾਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ। ਅੱਜ ਉਹ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੇ ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ ਆਗੂਆਂ ਵਿੱਚੋਂ ਇੱਕ ਵਜੋਂ ਜਾਣੇ ਜਾਂਦੇ ਹਨ।
ਹੋਰ ਅਹੁਦਿਆਂ ਲਈ ਵੀ ਚਰਚਾਵਾਂ ਜਾਰੀ : ਭਾਵੇਂ ਪ੍ਰਧਾਨਗੀ ਲਈ ਇੰਦਰਪਾਲ ਸਿੰਘ ਰਾਜੂ ਸਤਿਆਲ ਦਾ ਨਾਮ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ, ਪਰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਅਜੇ ਵੀ ਕਈ ਨਾਵਾਂ ਦੀ ਚਰਚਾ ਸਿਆਸੀ ਗਲਿਆਰਿਆਂ ਵਿਚ ਜਾਰੀ ਹੈ। ਇਸ ਕਾਰਨ ਅੱਜ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਵਿਚ ਖਾਸ ਉਤਸੁਕਤਾ ਬਣੀ ਹੋਈ ਹੈ। ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਦੇ ਸਪਸ਼ਟ ਬਹੁਮਤ ਨੂੰ ਦੇਖਦਿਆਂ ਇਹ ਲਗਭਗ ਯਕੀਨੀ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਤਿੰਨੇ ਅਹਿਮ ਅਹੁਦੇ ਬਹੁਮਤ ਧਿਰ ਦੇ ਖਾਤੇ ਵਿਚ ਹੀ ਜਾਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਰੂਪਨਗਰ ਨਗਰ ਕੌਂਸਲ ਦੀ ਨਵੀਂ ਲੀਡਰਸ਼ਿਪ ਦੇ ਪੂਰੇ ਢਾਂਚੇ ’ਤੇ ਅੰਤਿਮ ਮੋਹਰ ਲੱਗ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਫਾਸ਼ਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ ਅਗਲੀ ਖ਼ਬਰ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਦੇ ਹੱਕ ’ਚ ਉੱਤਰੇ ਰੈਗੂਲਰ ਮੁਲਾਜ਼ਮ ਜਥੇਬੰਦੀਆਂ ਦੇ ਆਗੂ
Ad Position 24