ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸੂਪਰ ਥਰਮਲ ਪਲਾਂਟ ਰੂਪਨਗਰ ਦੇ ਕੰਟਰੈਕਟਰ ਵਰਕਰਜ਼ ਦੀ ਚੱਲ ਰਹੀ ਹੜਤਾਲ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਲਾਂਟ ਦੀਆਂ ਸਮੂਹ ਰੈਗੂਲਰ ਕਰਮਚਾਰੀ ਜਥੇਬੰਦੀਆਂ ਨੇ ਇਨ੍ਹਾਂ ਦੀ ਹਮਾਇਤ ’ਚ ਗੇਟ ਰੈਲੀ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ। ਇਨ੍ਹਾਂ ਵਿਚ ਇੰਪਲਾਈਜ਼ ਫੈਡਰੇਸ਼ਨ (ਏਟਕ), ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ), ਐਸ. ਸੀ./ਬੀ. ਸੀ. ਇੰਪਲਾਈਜ ਯੂਨੀਅਨ ਅਤੇ ਆਰ. ਟੀ. ਪੀ. ਇੰਪਲਾਈਜ਼ ਯੂਨੀਅਨ ਆਗੂਆਂ ਨੇ ਸ਼ਮੂਲੀਅਤ ਕੀਤੀ, ਇਨ੍ਹਾਂ ਦੇ ਨਾਲ ਪੈਨਸ਼ਨਰਜ ਵੈੱਲਫੇਅਰ ਫੈਡਰੇਸ਼ਨ ਇਕਾਈ ਰੂਪਨਗਰ ਨੇ ਵੀ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਥਰਮਲ ਪਲਾਂਟ ਅੰਦਰ ਕੰਮ ਕਰਦੇ ਕੰਟਰੈਕਟਰ ਵਰਕਰਜ਼ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾ ਦੀ ਪੂਰਤੀ ਵਾਸਤੇ ਸੰਘਰਸ਼ ਕਰ ਰਹੇ ਹਨ ,ਜਿਸ ਦੇ ਸਿੱਟੇ ਵਜੋਂ 24.05.2026 ਨੂੰ ਬਿਜਲੀ ਮੰਤਰੀ ਨਾਲ ਖੰਨਾ ਵਿਖੇ ਮਿਤੀ 15.06.2026 ਤੱਕ ਇਨ੍ਹਾਂ ਨੂੰ ਪਾਵਰਕੌਮ ਦੇ ਸਿੱਧੇ ਠੇਕੇ ਤੇ ਲੈਣ ਦੀ ਸਹਿਮਤੀ ਬਣੀ ਸੀ,ਪਰ ਸਮਾਂ ਬੀਤਣ ਤੋਂ ਬਾਅਦ ਵੀ ਸਹਿਮਤੀ ਲਾਗੂ ਕਰਨ ਦੀ ਜਗ੍ਹਾ ਲਾਰੇ ਲੱਪੇ ਅਤੇ ਡੰਗ ਟਪਾਊ ਰਵੱਈਆ ਅਪਣਾਇਆ, ਜਿਸ ਦੇ ਸਿੱਟੇ ਵਜੋਂ ਇਨ੍ਹਾਂ ਨੂੰ ਮਜਬੂਰਨ ਧਰਨਾ/ਹੜਤਾਲ ਦਾ ਰਸਤਾ ਅਖ਼ਤਿਆਰ ਕਰਨਾ ਪਿਆ। ਥਰਮਲ ਪਾਵਰ ਜਨਰੇਸ਼ਨ ਇਕ ਜ਼ੋਖ਼ਮ ਭਰਪੂਰ ਅਤੇ ਸੰਵੇਦਨਸ਼ੀਲ ਕੰਮ ਹੈ, ਜਿਸ ਦੀ ਮਸ਼ਿਨਰੀ ਦੇ ਸੁੰਚਾਰੂ ਸੰਚਾਲਣ ਤੇ ਰੱਖ ਰਖਾਵ ਵਿਚ ਇਨ੍ਹਾਂ ਕਰਮਚਾਰੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਜਿਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ, ਇਸ ਲਈ ਸਮੂਹ ਜਥੇਬੰਦੀਆਂ ਨੇ ਮੈਨੇਜਮੈਂਟ ਨੂੰ ਗੁਜ਼ਾਰਿਸ਼ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੇ ਮਸਲੇ ਦਾ ਹੱਲ ਜਲਦ ਤੋਂ ਜਲਦ 24.05.26 ਦੀਆਂ ਸਹਿਮਤੀਆਂ ਨੂੰ ਲਾਗੂ ਕਰਵਾਇਆ ਜਾਵੇ। ਸਮੂਹ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਕਿ ਹੜਤਾਲ ਦੇ ਸਮੇਂ ਦੌਰਾਨ ਸਾਡਾ ਕੋਈ ਵੀ ਕੋਈ ਵੀ ਮੈਂਬਰ ਕਿਸੇ ਵੀ ਆਊਟਸੋਰਸ/ ਕੰਟਰੈਕਟਰ ਕਰਮਚਾਰੀ ਦੀ ਡਿਊਟੀ ਨਹੀਂ ਕਰੇਗਾ ਅਤੇ ਸਾਰੇ ਰੈਗੂਲਰ ਕਰਮਚਾਰੀ ਵਰਕ-ਟੂ-ਰੂਲ ਭਾਵ 8 ਘੰਟੇ ਹੀ ਡਿਊਟੀ ਕਰਨਗੇ। ਜੇਕਰ ਕਿਸੇ ਵੀ ਰੈਗੂਲਰ ਕਰਮਚਾਰੀ ਤੇ ਆਊਟਸੋਰਸ/ ਕਾਂਟਰੈਕਟਰ ਕਰਮਚਾਰੀ ਦੀ ਡਿਊਟੀ ਕਰਨ ਦਾ ਦਬਾਅ ਬਣਾਇਆ ਗਿਆ ਤਾਂ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਣਗੀਆਂ। ਰੈਲੀ ਨੂੰ ਮੁਲਾਜ਼ਮ ਆਗੂ ਹਰਮੇਸ਼ ਧੀਮਾਨ, ਜਗਵਿੰਦਰ ਸਿੰਘ, ਆਰ. ਕੇ. ਤਿਵਾੜੀ, ਬਲਵਿੰਦਰ ਸਿੰਘ, ਪਵਨਪ੍ਰੀਤ ਸਿੰਘ, ਡਾ. ਦਵਿੰਦਰ ਕੁਮਾਰ ਬਜਾੜ, ਤਰੁਣ ਲੋਤਰਾ, ਜਸਕਰਨ ਸਿੰਘ, ਸਰਬਜੀਤ ਕੁਮਾਰ, ਇੰਜੀ:ਜਸਵਿੰਦਰ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਬਲਜੀਤ ਸਿੰਘ, ਧਰਿੰਦਰ ਪਾਂਡੇ, ਕੁਲਦੀਪ ਸਿੰਘ ਮਿਨਹਾਸ, ਰਾਜੇਸ਼ ਕੁਮਾਰ, ਰਾਜ ਕੁਮਾਰ ਕੋਹਲੀ, ਅਵਤਾਰ ਸਿੰਘ ਤੇ ਰਵਿੰਦਰ ਕੁਮਾਰ ਨੇ ਸੈਕੜੇ ਕਰਮਚਾਰੀ ਦੀ ਹਾਜ਼ਰੀ ਨੂੰ ਸੰਬੋਧਿਤ ਕੀਤਾ ਅਤੇ ਸਰਕਾਰ ਦੇ ਲਾਰੇ ਲੱਪੇ ਦੀ ਨੀਤੀ ਦੀ ਜੰਮ ਕੇ ਨਿਖੇਧੀ ਕੀਤੀ। ਰੈਲੀ ਦੌਰਾਨ ਰਵਿੰਦਰ ਕੁਮਾਰ, ਜਸਕਰਨ, ਸ਼ਰਵਨ ਕੁਮਾਰ, ਗੁਰਚਰਣ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਬਸੰਤ ਕੁਮਾਰ, ਸਤਨਾਮ ਸਿੰਘ, ਪੱਪੂ ਕੁਮਾਰ, ਮੇਜਰ ਸਿੰਘ, ਨਿਖਿਲ ਸ਼ਰਮਾ, ਮਿਲਾਨਪ੍ਰੀਤ ਸਿੰਘ, ਮਨਜੀਤ ਸਿੰਘ, ਨਰਿੰਦਰ ਸਿੰਘ, ਰਾਜ ਕੁਮਾਰ, ਦਲੀਪ ਸਿੰਘ, ਗਗਨਦੀਪ ਸਿੰਘ, ਹੀਰਾ ਰਾਣਾ ਸਮੇਤ ਸੈਂਕੜੇ ਥਰਮਲ ਕਾਮੇ ਹਾਜ਼ਰ ਰਹੇ।