ਚੰਡੀਗੜ੍ਹ, 22 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ-2047’ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹਰਿਆਣਾ ਸਰਕਾਰ ਨੇ ‘ਵਿਕਸਿਤ ਹਰਿਆਣਾ-2047’ ਦੇ ਵਿਆਪਕ ਵਿਜ਼ਨ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸੇ ਉਦੇਸ਼ ਨਾਲ ਅੱਜ ਪ੍ਰਦੇਸ਼ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਵਿਚ ‘ਵਿਕਸਿਤ ਹਰਿਆਣਾ-2047’ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਮੁਹਿੰਮ ਦੀ ਥੀਮ ‘ਮੇਰੀ ਵਿਕਸਿਤ ਵਿਧਾਨ ਸਭਾ’ ਰੱਖੀ ਗਈ ਹੈ, ਜਿਸ ਰਾਹੀਂ ਵਿਕਸਿਤ ਹਰਿਆਣਾ ਦੀ ਸ਼ੁਰੂਆਤ ਹਰ ਵਿਧਾਨ ਸਭਾ ਹਲਕੇ ਤੋਂ ਹੋਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਹਰਿਆਣਾ ਨਿਵਾਸ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਖ਼ੁਸ਼ਹਾਲ, ਆਤਮ-ਨਿਰਭਰ ਅਤੇ ਵਿਕਸਿਤ ਸੂਬਾ ਬਣਾਉਣ ਲਈ ਅਗਲੇ 20 ਸਾਲਾਂ ਦਾ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ ਹਰ ਵਿਧਾਇਕ ਆਪਣੇ ਵਿਧਾਨ ਸਭਾ ਹਲਕੇ ਦਾ ‘ਵਿਜ਼ਨ ਚੈਂਪੀਅਨ’ ਬਣ ਕੇ ਖੇਤਰ ਦੀਆਂ ਸਮੱਸਿਆਵਾਂ, ਸੰਭਾਵਨਾਵਾਂ ਅਤੇ ਵਿਕਾਸ ਦੀਆਂ ਤਰਜੀਹਾਂ ਦੀ ਪਛਾਣ ਕਰੇਗਾ ਅਤੇ ਵਿਕਾਸ ਦੀ ਕਾਰਜ-ਯੋਜਨਾ ਤਿਆਰ ਕਰੇਗਾ। ਇਸ ਮੌਕੇ ਸੈਰ-ਸਪਾਟਾ ਅਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਸਨ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਲ 2047 ਤੱਕ ਲਈ ਕਈ ਮਹੱਤਵਪੂਰਨ ਟੀਚੇ ਨਿਰਧਾਰਿਤ ਕੀਤੇ ਹਨ। ਇਨ੍ਹਾਂ ਵਿਚ ਹਰਿਆਣਾ ਦੀ ਅਰਥਵਿਵਸਥਾ ਨੂੰ ਇਕ ਟ੍ਰਿਲੀਅਨ ਡਾਲਰ ਤੋਂ ਵੱਧ ਤੱਕ ਪਹੁੰਚਾਉਣਾ, ਪ੍ਰਤੀ ਵਿਅਕਤੀ ਸਾਲਾਨਾ ਆਮਦਨ ਨੂੰ 40 ਲੱਖ ਰੁਪਏ ਤੋਂ ਵੱਧ ਕਰਨਾ, ਮਹਿਲਾ ਕਿਰਤ ਭਾਗੀਦਾਰੀ ਨੂੰ 45 ਫ਼ੀਸਦੀ ਤੋਂ ਉੱਪਰ ਲੈ ਜਾਣਾ ਅਤੇ ਮਹਿਲਾ ਸਾਖਰਤਾ ਨੂੰ 100 ਫ਼ੀਸਦੀ ਤੱਕ ਪਹੁੰਚਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਹਰ ਨਾਗਰਿਕ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਅਤੇ ਹਰ ਘਰ ਤੱਕ ਪਾਈਪ ਰਾਹੀਂ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ‘ਮੇਰੀ ਵਿਕਸਿਤ ਵਿਧਾਨ ਸਭਾ ਮੁਹਿੰਮ’ ਤਹਿਤ ਜੁਲਾਈ ਅਤੇ ਅਗਸਤ ਮਹੀਨੇ ਵਿਚ ਸਾਰੇ ਵਿਧਾਇਕ ਆਪਣੇ-ਆਪਣੇ ਖੇਤਰਾਂ ਵਿਚ ਜਾ ਕੇ ਜਨਤਾ ਨਾਲ ਸਿੱਧਾ ਸੰਵਾਦ ਕਰਨਗੇ। ਇਸ ਦੌਰਾਨ ਪਿੰਡਾਂ, ਵਾਰਡਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਉਦਯੋਗਾਂ, ਸਵੈ-ਸਹਾਇਤਾ ਗਰੁੱਪਾਂ ਅਤੇ ਸਮਾਜਿਕ ਸੰਸਥਾਵਾਂ ਤੋਂ ਸੁਝਾਅ ਲਏ ਜਾਣਗੇ। ਇਨ੍ਹਾਂ ਸੁਝਾਵਾਂ ਦੇ ਆਧਾਰ ’ਤੇ ਵਿਕਸਿਤ ਹਰਿਆਣਾ ਦਾ ਜਨ-ਭਾਗੀਦਾਰੀ ਆਧਾਰਿਤ ਰੋਡਮੈਪ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਸਿੱਖਿਆ ਅਤੇ ਹੁਨਰ ਵਿਕਾਸ, ਸਿਹਤ ਅਤੇ ਪੋਸ਼ਣ ਅਤੇ ਜਲ, ਸਵੱਛਤਾ ਅਤੇ ਵਾਤਾਵਰਣ ਵਰਗੇ ਪ੍ਰਮੁੱਖ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਰਕਾਰ ਦਾ ਟੀਚਾ ਹਰ ਧੀ ਨੂੰ ਸਿੱਖਿਅਤ, ਹਰ ਨੌਜਵਾਨ ਨੂੰ ਹੁਨਰਮੰਦ ਅਤੇ ਹਰ ਹੱਥ ਨੂੰ ਰੁਜ਼ਗਾਰ ਉਪਲਬਧ ਕਰਾਉਣਾ ਹੈ। ਰੁਜ਼ਗਾਰ ਸਮਰੱਥਾ ਨੂੰ 95 ਫ਼ੀਸਦੀ ਤੱਕ ਪਹੁੰਚਾਉਣ ਅਤੇ ਆਈ.ਟੀ.ਆਈ, ਪੌਲੀਟੈਕਨਿਕ ਅਤੇ ਕਾਲਜਾਂ ਨੂੰ ਉਦਯੋਗਾਂ ਨਾਲ ਜੋੜਨ ਦੀ ਦਿਸ਼ਾ ਵਿਚ ਵੀ ਕੰਮ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਵਿਚ ਮਾਤਰ ਮੌਤ ਦਰ ਨੂੰ 10 ਤੋਂ ਘੱਟ ਅਤੇ ਸ਼ਿਸ਼ੂ ਮੌਤ ਦਰ ਨੂੰ 5 ਤੋਂ ਘੱਟ ਕਰਨ, 100 ਫ਼ੀਸਦੀ ਟੀਕਾਕਰਨ ਅਤੇ ਸੰਸਥਾਗਤ ਜਣੇਪਾ ਯਕੀਨੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਉੱਥੇ ਹੀ ਜਲ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿਚ ਹਰ ਘਰ ਤੱਕ ਸੁਰੱਖਿਅਤ ਪੀਣ ਵਾਲਾ ਪਾਣੀ ਪਹੁੰਚਾਉਣ, ਜਲ ਸੰਭਾਲ ਨੂੰ ਜਨ ਅੰਦੋਲਨ ਬਣਾਉਣ ਅਤੇ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਨੂੰ 70 ਫ਼ੀਸਦੀ ਤੋਂ ਵੱਧ ਕਰਨ ਦਾ ਸੰਕਲਪ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲ ਸਿਰਫ਼ ਇੱਕ ਸਰਕਾਰ ਜਾਂ ਇੱਕ ਕਾਰਜਕਾਲ ਤੱਕ ਸੀਮਤ ਨਹੀਂ ਹੈ, ਸਗੋਂ ਸਾਲ 2047 ਤੱਕ ਹਰਿਆਣਾ ਦੇ ਭਵਿੱਖ ਦੀ ਲੰਬੇ ਸਮੇਂ ਦੀ ਕਾਰਜ-ਯੋਜਨਾ ਹੈ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵਿਚ ਸਿਰਫ਼ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਯੋਜਨਾਵਾਂ ਬਣਾਈਆਂ ਜਾਂਦੀਆਂ ਸਨ, ਉਹ ਪਾਰਟੀਆਂ ਸਿਰਫ਼ 5 ਸਾਲ ਦੀ ਸੋਚ ਨਾਲ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦੀਆਂ ਸਨ ਅਤੇ ਉਨ੍ਹਾਂ ਵਿਚੋਂ ਕੁੱਝ ਹੀ ਐਲਾਨਾਂ ’ਤੇ ਕੰਮ ਹੁੰਦਾ ਸੀ। ਬਾਕੀ ਐਲਾਨਾਂ ਨੂੰ ਡੈਂਟਿੰਗ-ਪੇਂਟਿੰਗ ਕਰਕੇ ਅਗਲੇ ਸਾਲ ਲਈ ਮੁੜ ਪੇਸ਼ ਕਰ ਦਿੱਤਾ ਜਾਂਦਾ ਸੀ। ਪਰ ਸਾਡੀ ਸਰਕਾਰ 20-20 ਸਾਲ ਦੀਆਂ ਯੋਜਨਾਵਾਂ ਬਣਾ ਰਹੀ ਹੈ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਠੋਸ ਕਦਮ ਵੀ ਚੁੱਕ ਰਹੀ ਹੈ। ਵਿਕਸਿਤ ਹਰਿਆਣਾ-2047 ਦੇ ਟੀਚਿਆਂ ਨੂੰ ਪੂਰਾ ਕਰਨ ਲਈ ਹਰ ਵਿਭਾਗ ਦੇ ਸਾਲਾਨਾ ਟੀਚੇ ਤੈਅ ਕੀਤੇ ਜਾਣਗੇ, ਉਨ੍ਹਾਂ ਦੀ ਨਿਯਮਤ ਸਮੀਖਿਆ ਕੀਤੀ ਜਾਵੇਗੀ ਅਤੇ ਡੈਸ਼ਬੋਰਡ ਆਧਾਰਿਤ ਮਾਨੀਟਰਿੰਗ ਵਿਵਸਥਾ ਲਾਗੂ ਕੀਤੀ ਜਾਵੇਗੀ। ਹਰ ਵਿਧਾਨ ਸਭਾ ਹਲਕੇ ਦੀ ਪ੍ਰਗਤੀ ਦੀ ਨਿੱਜੀ ਸਮੀਖਿਆ ਉਹ ਖ਼ੁਦ ਕਰਨਗੇ। ਨਾਇਬ ਸਿੰਘ ਸੈਣੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਵਿਕਸਿਤ ਹਰਿਆਣਾ, ਵਿਕਸਿਤ ਭਾਰਤ ਦੀ ਪ੍ਰਾਣ-ਸ਼ਕਤੀ ਬਣੇਗਾ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿਚ ਹਰਿਆਣਾ ਮੋਹਰੀ ਭੂਮਿਕਾ ਨਿਭਾਏਗਾ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਓ.ਐਸ.ਡੀ ਡਾ. ਰਾਜ ਨਹਿਰੂ, ਓ.ਐਸ.ਡੀ ਵੀਰੇਂਦਰ ਸਿੰਘ ਬੜਖਾਲਸਾ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ ਕੈਪਟਨ ਮਨੀਸ਼ ਕੁਮਾਰ ਲੋਹਾਨ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅੱਤਰੀ ਵੀ ਮੌਜੂਦ ਸਨ।