ਚੰਡੀਗੜ੍ਹ, 22 ਜੂਨ (ਅਜੀਤ ਬਿਊਰੋ)-ਜਨਤਕ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ‘ਓਪਨ ਮੈਨਹੋਲ-ਫ੍ਰੀ’ ਕਰਨ ਲਈ 30 ਜੂਨ ਆਖ਼ਰੀ ਮਿਤੀ ਤੈਅ ਕੀਤੀ ਹੈ। ਇਸ ਸੰਬੰਧੀ ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ) ਨੂੰ ਇਸ ਸੰਬੰਧ ਵਿਚ ਇੰਨ-ਬਿਨ ਪਾਲਣਾ ਰਿਪੋਰਟ ਜਮਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ ‘ਜ਼ੀਰੋ ਓਪਨ ਮੈਨਹੋਲ’ ਮੁਹਿੰਮ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਅਣਗਹਿਲੀ ਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ। ਹਰਜੋਤ ਸਿੰਘ ਨੇ ਦੱਸਿਆ ਕਿ ਇਹ ਨਿਰਦੇਸ਼ ਸੂਬਾ ਪੱਧਰੀ ਸੁਰੱਖਿਆ ਆਡਿਟ ਤੋਂ ਬਾਅਦ ਆਇਆ ਹੈ, ਜਿਸ ਵਿਚ ਮੌਨਸੂਨ ਸੀਜ਼ਨ ਤੋਂ ਪਹਿਲਾਂ ਸੀਵਰੇਜ ਬੁਨਿਆਦੀ ਢਾਂਚੇ ਵਿੱਚ 1451 ਮੈਨਹੋਲ ਖੁੱਲ੍ਹੇ ਹੋਣ ਬਾਰੇ ਖ਼ੁਲਾਸਾ ਹੋਇਆ ਸੀ , ਜਦਕਿ 1000 ਤੋਂ ਵੱਧ ਮੈਨਹੋਲ ਪਹਿਲਾਂ ਹੀ ਠੀਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਬਾਕੀ ਸਾਰੇ ਖੁੱਲ੍ਹੇ ਪਏ ਮੈਨਹੋਲਾਂ ਨੂੰ ਬੰਦ ਕਰਨ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਮੈਨਹੋਲ ਬੰਦ ਕਰਨ ਦੀ ਅਸਲ-ਸਮੇਂ ਦੀ ਟਰੈਕਿੰਗ ਲਈ ਇਕ ਏ.ਆਈ. ਏਕੀਕ੍ਰਿਤ ਮੋਬਾਈਲ ਐਪ ਵੀ ਸ਼ੁਰੂ ਕੀਤੀ ਹੈ। ਮੰਤਰੀ ਨੇ ਦੱਸਿਆ ਕਿ ਸਿਵਲ ਅਧਿਕਾਰੀਆਂ ਨੂੰ ਹੁਣ ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਤੱਕ ਰੋਜ਼ਾਨਾ ਲਾਜ਼ਮੀ ਫੀਲਡ ਨਿਰੀਖਣ ਕਰਨਗੇ, ਜਦ ਕਿ ਸਾਰੇ ਸ਼ਹਿਰੀ ਕੇਂਦਰਾਂ ਵਿਚ -ਵਾਰ ਰੂਮ’ ਵਿਖੇ ਤਾਇਨਾਤ ਸਟਾਫ਼ 24 ਘੰਟੇ ਪਾਣੀ ਭਰਨ, ਚੋਕ ਹੋਏ ਸੀਵਰੇਜਾਂ ਅਤੇ ਮਾਨਸੂਨ ਨਾਲ ਸੰਬੰਧਤ ਸ਼ਿਕਾਇਤਾਂ ਦੀ ਨਿਗਰਾਨੀ ਕਰੇਗਾ। ਇਸ ਮੁਹਿੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਪ੍ਰਸ਼ਾਸਕੀ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਘਣਸ਼ਿਆਮ ਥੋਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਆਖ਼ਰੀ ਮਿਤੀ ਪੁੱਗਣ ਵਿਚ ਸਿਰਫ਼ 8 ਦਿਨ ਬਾਕੀ ਹਨ ਤੇ ਖੁੱਲ੍ਹੇ ਮੈਨਹੋਲਾਂ ਨੂੰ ਬੰਦ ਕਰਨ ਵਿਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ।