ਪੁਰਖਾਲੀ, 10 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੂਪਨਗਰ ਨੂੰ ਸਾਫ਼-ਸੁਥਰਾ ਤੇ ਬਿਮਾਰੀਆਂ ਮੁਕਤ ਰੱਖਣ ਲਈ ਚਲਾਈ ਗਈ ‘ਮਿਸ਼ਨ ਕਲੀਨ ਪੰਜਾਬ’ਮੁਹਿੰਮ ਤਹਿਤ ਗ੍ਰਾਮ ਪੰਚਾਇਤ ਮੀਆਂਪੁਰ ਵਲੋਂ ਸ਼ਲਾਘਾਯੋਗ ਕਦਮ ਚੁੱਕਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੀਆਂਪੁਰ ਦੇ ਨਜ਼ਦੀਕ ਲੰਮੇ ਸਮੇਂ ਤੋਂ ਲਗਾਏ ਜਾ ਰਹੇ ਗੰਦਗੀ ਦੇ ਵੱਡੇ-ਵੱਡੇ ਢੇਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ। ਪਿੰਡ ਦੇ ਸਰਪੰਚ ਗੁਰਦਾਸ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਕੂੜੇ ਦੇ ਢੇਰਾਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਤੇ ਸਕੂਲ ਦੇ ਨੇੜੇ ਥਾਂ ਨੂੰ ਸਾਫ਼-ਸੁਥਰਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਕੂਲ ਦੇ ਬਿਲਕੁਲ ਨਜ਼ਦੀਕ ਕੂੜਾ ਸੁੱਟੇ ਜਾਣ ਕਾਰਨ ਜਿੱਥੇ ਆਲੇ-ਦੁਆਲੇ ਭਾਰੀ ਬਦਬੂ ਫੈਲ ਰਹੀ ਸੀ, ਉੱਥੇ ਹੀ ਸਕੂਲ ਆਉਣ-ਜਾਣ ਵਾਲੇ ਬੱਚਿਆਂ ਅਤੇ ਰਾਹਗੀਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਫੈਲੀ ਗੰਦਗੀ ਨਾਲ ਬੱਚਿਆਂ ਅਤੇ ਲੋਕਾਂ ਦੀ ਸਿਹਤ ਨੂੰ ਵੀ ਭਿਆਨਕ ਬਿਮਾਰੀਆਂ ਲੱਗਣ ਦਾ ਵੱਡਾ ਖ਼ਤਰਾ ਬਣਿਆ ਹੋਇਆ ਸੀ। ਇਸ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਸਰਪੰਚ ਗੁਰਦਾਸ ਸਿੰਘ ਨੇ ਮੌਕੇ ’ਤੇ ਖੜ੍ਹੇ ਹੋ ਕੇ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਅਤੇ ਥਾਂ ਨੂੰ ਪੱਧਰਾ ਕਰਵਾਇਆ। ਇਸ ਮੌਕੇ ਸਰਪੰਚ ਗੁਰਦਾਸ ਸਿੰਘ ਤੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਗੁਰੂ ਘਰਾਂ ਚ ਅਨਾਊਂਸਮੈਂਟ ਕਰਵਾ ਕੇ ਸਮੂਹ ਨਗਰ ਨਿਵਾਸੀਆਂ ਅਤੇ ਆਸ-ਪਾਸ ਦੇ ਲੋਕਾਂ ਨੂੰ ਕੀਤੀ ਗਈ ਹੈ ਕਿ ਭਵਿੱਖ ਵਿਚ ਮੀਆਂਪੁਰ ਦੇ ਬਾਬਾ ਬਾਲਕ ਨਾਥ ਮੰਦਿਰ ਤੋਂ ਲੈ ਕੇ ਪਿੰਡ ਦੇ ਸਕੂਲ ਦੀ ਹੱਦ ਦੇ ਨੇੜੇ ਜਾਂ ਕਿਸੇ ਵੀ ਹੋਰ ਜਨਤਕ ਥਾਂ ’ਤੇ ਕੂੜਾ-ਕਰਕਟ ਨਾ ਸੁੱਟਿਆ ਜਾਵੇ। ਪੰਚਾਇਤ ਵਲੋਂ ਸਖ਼ਤ ਲਹਿਜੇ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਜਗ੍ਹਾ ’ਤੇ ਦੁਬਾਰਾ ਗੰਦਗੀ ਫੈਲਾਉਂਦਾ ਜਾਂ ਕੂੜਾ ਸੁੱਟਦਾ ਫੜਿਆ ਗਿਆ, ਤਾਂ ਉਸ ਖ਼ਿਲਾਫ਼ ਗ੍ਰਾਮ ਪੰਚਾਇਤ ਵਲੋਂ ਬਣਦੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਰਪੰਚ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਅਤੇ ਪ੍ਰਸ਼ਾਸਨ ਦੀ ਇਸ ਸਫ਼ਾਈ ਮੁਹਿੰਮ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ। ਇਸ ਮੌਕੇ ਪੰਚ ਗੁਰਚਰਨ ਸਿੰਘ, ਦਵਿੰਦਰ ਸਿੰਘ ਸਿੰਘ, ਸੁਖਵਿੰਦਰ ਸਿੰਘ, ਰਾਣੀ, ਹਰਜੀਤ ਕੌਰ, ਭੁਪਿੰਦਰ ਕੌਰ ਤੇ ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ।