ਬੇਲਾ, 10 ਜੁਲਾਈ (ਮਨਜੀਤ ਸਿੰਘ ਸੈਣੀ)-ਪਿੰਡ ਸਲਾਹਪੁਰ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ਯੂਥ ਕਲੱਬ (ਰਜਿ) ਵਲੋਂ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਗਿਆ। ਇਸ ਸਮੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਦੇ ਅਹਾਤੇ ਵਿਚ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਅਤੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਯੂਥ ਕਲੱਬ ਦੇ ਸਰਪ੍ਰਸਤ ਬਾਬਾ ਗੁਰਮੁੱਖ ਸਿੰਘ ਸਲਾਹਪੁਰੀ ਨੇ ਕਿਹਾ ਕਿ ਬਾਬਾ ਜੀ ਨੇ ਅਪਣੇ ਜੀਵਨ ਵਿਚ ਹੱਥੀਂ ਕਿਰਤ, ਨਾਮ ਜਪਣ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ, ਬਾਬਾ ਜੀ ਨੇ ਸੱਚੇ ਅਤੇ ਸਦਾ ਅਟੱਲ ਰਹਿਣ ਵਾਲੇ ਗੁਰੂ ਤੇ ਸ਼ਰਧਾ ਅਤੇ ਭਰੋਸਾ ਕਰਨ ਦੀ ਸਾਨੂੰ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਦਾ ਥਿਰੁ ਰਹਿਣ ਵਾਲੇ ਗੁਰੂ ’ਤੇ ਭਰੋਸਾ ਕਰੋਗੇ ਤਾਂ ਉਹ ਝੱਖੜਾਂ, ਝੋਲਿਆਂ, ਸਮੁੰਦਰਾਂ ਵਿਚ ਵੀ ਬਾਂਹ ਫੜ ਕੇ ਬਾਹਰ ਕੱਢ ਲੈਂਦਾ ਹੈ। ਬਾਬਾ ਸਲਾਹਪੁਰੀ ਨੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਆਪਣਾ ਆਲਾ-ਦੁਆਲਾ ਹਰਾ ਭਰਿਆ ਰੱਖਣ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ, ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਮੈਡਲ ਗੁਰਵਿੰਦਰ ਕੌਰ, ਸੋਨੀਆ ਰਾਣੀ ਤੇ ਵਿਜੇ ਕੁਮਾਰ ਨੇ ਕਲੱਬ ਮੈਬਰਾਂ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਲਗਾਏ ਬੂਟਿਆਂ ਨੂੰ ਕਾਮਯਾਬ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਲੱਬ ਪ੍ਰਧਾਨ ਤੇਜਿੰਦਰ ਸਿੰਘ, ਸਾਬਕਾ ਪ੍ਰਧਾਨ ਦਲਵੀਰ ਸਿੰਘ, ਅਜਮੇਰ ਸਿੰਘ,ਧਰਮਿੰਦਰ ਸਿੰਘ, ਅਮਨਦੀਪ ਸਿੰਘ, ਹਰਬੰਸ ਸਿੰਘ ਗੁਰਦੁਆਰਾ ਪ੍ਰਧਾਨ, ਬਲਜੀਤ ਸਿੰਘ ਫੌਜੀ, ਕੁਲਜੀਤ ਸਿੰਘ, ਰਵੀ ਸਿੰਘ, ਅਰਸ਼ਦੀਪ ਸਿੰਘ, ਨਾਜਰ ਸਿੰਘ, ਸੋਮਾ ਦੇਵੀ,ਉਰਮਲਾ ਦੇਵੀ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।