ਕਾਹਨਪੁਰ ਖੂਹੀ, 10 ਜੁਲਾਈ (ਗੁਰਬੀਰ ਸਿੰਘ ਵਾਲੀਆ)-ਪਵਿੱਤਰ ਸ੍ਰੀ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ ਅਤੇ ਧਾਰਮਿਕ ਸੇਵਾ ਦੀ ਵਿਲੱਖਣ ਮਿਸਾਲ ਪੇਸ਼ ਕਰਦਿਆਂ ਅਮਰਨਾਥ ਯਾਤਰਾ ਲੰਗਰ ਕਮੇਟੀ ਨੂੰ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ। ਇਹ ਰਾਸ਼ੀ ਬਾਲਟਾਲ ਰੋਡ ਸਥਿਤ ਪਿੰਡ ਮਨੀ (ਕਸ਼ਮੀਰ) ਵਿਖੇ ਲਗਾਏ ਜਾਣ ਵਾਲੇ ਵਿਸ਼ਾਲ ਲੰਗਰ ਵਿਚ ਫਿਲਟਰ ਪਾਣੀ ਦੀ ਸੇਵਾ ਲਈ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਚੜਤਗੜ੍ਹ ਅਤੇ ਊਨਾ ਖੇਤਰ ਦੀ ਸੰਗਤ ਵਲੋਂ ਹਰ ਸਾਲ ਸ੍ਰੀ ਅਮਰਨਾਥ ਯਾਤਰਾ ਦੌਰਾਨ ਬਾਲਟਾਲ ਰੂਟ ’ਤੇ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਲੰਗਰ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ ਰੈਂਸੜਾ ਦੇ ਮੈਂਬਰਾਂ ਨੇ ਦਾਨ ਰਾਸ਼ੀ ਅਮਰਨਾਥ ਯਾਤਰਾ ਲੰਗਰ ਕਮੇਟੀ ਦੇ ਨੁਮਾਇੰਦਿਆਂ ਨੂੰ ਸੌਂਪਦਿਆਂ ਕਿਹਾ ਕਿ ਸਨਾਤਨ ਧਰਮ ਵਿਚ ਸ੍ਰੀ ਅਮਰਨਾਥ ਯਾਤਰਾ ਦਾ ਵਿਸ਼ੇਸ਼ ਮਹੱਤਵ ਹੈ। ਹਰ ਸਾਲ ਲੱਖਾਂ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ ਅਤੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਯਾਤਰੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਿਚ ਆਪਣਾ ਯੋਗਦਾਨ ਪਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸਮੂਹ ਸੰਗਤ ਨੂੰ ਵੀ ਧਾਰਮਿਕ ਅਤੇ ਸਮਾਜਿਕ ਸੇਵਾ ਦੇ ਅਜਿਹੇ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ, ਤਾਂ ਜੋ ਮਨੁੱਖਤਾ ਦੀ ਸੇਵਾ ਦੀ ਇਹ ਪਰੰਪਰਾ ਲਗਾਤਾਰ ਜਾਰੀ ਰਹੇ।