ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਲੋਂ ਪੇਂਡੂ ਤੇ ਦੂਰ ਦੁਰਾਡੇ ਖੇਤਰ ਦੇ ਵਿਦਿਆਰਥੀਆਂ ਲਈ ਆਵਾਜਾਈ ਦੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਅਕਾਦਮਿਕ ਸੈਸ਼ਨ 2026-27 ਤੋਂ ਕਾਲਜ ਵਲੋਂ ਨਾਲਾਗੜ੍ਹ ਅਤੇ ਊਨਾ ਖੇਤਰ ਦੇ ਵੱਖ-ਵੱਖ ਪਿੰਡਾਂ ਲਈ ਕਾਲਜ ਬੱਸ ਦੀ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਦੂਰ-ਦਰਾਜ਼ ਦੇ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਲੰਬੇ ਸਮੇਂ ਤੋਂ ਬੱਸ ਸੇਵਾ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੰਗ ਨੂੰ ਗੰਭੀਰਤਾ ਨਾਲ ਵਿਚਾਰਨ ਉਪਰੰਤ ਕਾਲਜ ਪ੍ਰਬੰਧਕ ਕਮੇਟੀ ਨੇ ਨਾਲਾਗੜ੍ਹ ਅਤੇ ਊਨਾ ਖੇਤਰ ਦੇ ਵੱਖ-ਵੱਖ ਪਿੰਡਾਂ ਨੂੰ ਬੱਸ ਸੇਵਾ ਨਾਲ ਜੋੜਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਨਾਲ ਵਿਦਿਆਰਥੀਆਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਸਮੇਂ ਸਿਰ ਆਵਾਜਾਈ ਦੀ ਸਹੂਲਤ ਮਿਲੇਗੀ, ਜਿਸ ਨਾਲ ਉਹ ਆਪਣੀ ਪੜ੍ਹਾਈ ’ਤੇ ਹੋਰ ਬਿਹਤਰ ਢੰਗ ਨਾਲ ਧਿਆਨ ਕੇਂਦਰਿਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਬੱਸ ਸੇਵਾ ਨਾਲਾਗੜ੍ਹ, ਦੱਤੋਵਾਲ, ਨੰਗਲ, ਝਿੜੀਵਾਲਾ, ਮਹਾਦੇਵ ਸੌੜੀ, ਪੰਜੇਹੜਾ, ਜੋਘੋਂ, ਬੱਸੋਵਾਲ, ਫਤੇਲੀ, ਬਰੂਣਾ, ਮਸਤਾਨਪੁਰਾ, ਬੈਰਛਾ, ਬਘੇੜ, ਮੱਸੇਵਾਲ, ਕੀਰਤਪੁਰ ਸਾਹਿਬ ਆਦਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਖਾਸ ਲਾਭ ਮਿਲੇਗਾ। ਉਨ੍ਹਾਂ ਨਾਲਾਗੜ੍ਹ, ਊਨਾ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਬੱਸ ਸੇਵਾ ਦਾ ਲਾਭ ਉਠਾਉਂਦੇ ਹੋਏ ਸਮੇਂ ਸਿਰ ਆਪਣਾ ਦਾਖ਼ਲਾ ਯਕੀਨੀ ਬਣਾਉਣ।