ਰੂਪਨਗਰ, 12 ਜੁਲਾਈ (ਯਸ਼ਵੰਤ ਬੱਸੀ)-ਐਂਟੀ ਕਰਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਅਤੇ ਰੋਟਰੀ ਕਲੱਬ ਰੂਪਨਗਰ ਵਲੋਂ ਸਾਂਝੇ ਤੌਰ ‘ਤੇ ਸਵਰਨਕਾਰ ਸ਼ਿਵ ਮੰਦਰ, ਰੂਪਨਗਰ ਵਿਖੇ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਅਲਫਾ ਬਲੱਡ ਸੈਂਟਰ, ਡਾ. ਸੁਰਜੀਤ ਹਸਪਤਾਲ ਦੀ ਮਾਹਿਰ ਮੈਡੀਕਲ ਟੀਮ ਦੀ ਦੇਖ-ਰੇਖ ਹੇਠ ਲੱਗੇ ਇਸ ਕੈਂਪ ਦੌਰਾਨ 32 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਵਿਚ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੇ ਨਾਲ-ਨਾਲ ਰੋਟਰੀ ਕਲੱਬ ਦੇ ਪ੍ਰਧਾਨ ਗਗਨ ਸੈਣੀ, ਪ੍ਰਾਜੈਕਟ ਚੇਅਰਪਰਸਨ ਇੰਦਰਪ੍ਰੀਤ ਡਿੰਗਰਾ ਅਤੇ ਸਮੂਹ ਰੋਟੇਰੀਅਨਾਂ ਨੇ ਅਹਿਮ ਭੂਮਿਕਾ ਨਿਭਾਈ। ਇਹ ਕੈਂਪ ਫਾਊਂਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੇਵਾ ਸਿੰਘ ਅਤੇ ਜ਼ਿਲ੍ਹਾ ਉਪ ਪ੍ਰਧਾਨ ਚੰਦਨ ਵਰਮਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਸੂਬਾ ਚੇਅਰਮੈਨ ਹੁਸਨ ਚੰਦ ਸੈਣੀ ਅਤੇ ਸੂਬਾ ਸਕੱਤਰ ਡਾ. ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਮਹਾਨ ਮਨੁੱਖੀ ਸੇਵਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖ਼ੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿਚ ਆਪਣਾ ਯੋਗਦਾਨ ਪਾਉਣ, ਕਿਉਂਕਿ ਮਨੁੱਖੀ ਖ਼ੂਨ ਦਾ ਕੋਈ ਬਦਲ ਨਹੀਂ ਹੈ। ਰੋਟਰੀ ਕਲੱਬ ਦੇ ਪ੍ਰਧਾਨ ਗਗਨ ਸੈਣੀ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਸਿਹਤ, ਸਿੱਖਿਆ ਅਤੇ ਮਨੁੱਖੀ ਸੇਵਾ ਨਾਲ ਜੁੜੇ ਪ੍ਰਾਜੈਕਟਾਂ ਨੂੰ ਤਰਜੀਹ ਦਿੰਦਾ ਆਇਆ ਹੈ ਅਤੇ ਭਵਿੱਖ ਵਿਚ ਵੀ ਅਜਿਹੀਆਂ ਸਮਾਜ ਸੇਵੀ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਹਰ ਖ਼ੂਨਦਾਨੀ ਨੂੰ ਰਿਫਰੈਸ਼ਮੈਂਟ, ਪ੍ਰਸ਼ੰਸਾ ਪੱਤਰ, ਮੈਡਲ ਅਤੇ ਵਿਸ਼ੇਸ਼ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਯੂਨਿਟ ਖ਼ੂਨ ਕਈ ਲੋੜਵੰਦ ਮਰੀਜ਼ਾਂ ਲਈ ਨਵੀਂ ਜ਼ਿੰਦਗੀ ਦੀ ਉਮੀਦ ਬਣ ਸਕਦਾ ਹੈ। ਖ਼ੂਨਦਾਨ ਕੈਂਪ ਦੀ ਸਫਲਤਾ ਲਈ ਬਾਬਾ ਕਮਲਜੀਤ ਸਿੰਘ ਬਲੱਡ ਡੋਨਰ ਸੁਸਾਇਟੀ ਅਤੇ ਹਰਦੀਪ ਸਿੰਘ ਰਿੰਕੂ ਸੈਣੀ ਜ਼ਿਲ੍ਹਾ ਯੂਥ ਕਲੱਬ ਤਾਲਮਨ ਕਮੇਟੀ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਪੀ.ਡੀ.ਜੀ. ਡਾ. ਚੇਤਨ ਅਗਰਵਾਲ, ਪੀ.ਪੀ. ਡਾ. ਭੀਮ ਸੈਨ, ਪੀ.ਪੀ. ਡਾ. ਊਸ਼ਾ ਭਾਟੀਆ, ਪੀ.ਪੀ. ਜੇ.ਕੇ. ਭਾਟੀਆ, ਪੀ.ਪੀ. ਇੰਜੀ. ਪਰਮਿੰਦਰ ਕੁਮਾਰ, ਪੀ.ਪੀ. ਡਾ. ਜੇ.ਕੇ. ਸ਼ਰਮਾ, ਰੋਟੇਰੀਅਨ ਡਾ. ਅੰਕੁਰ ਵਾਹੀ, ਰੋਟੇਰੀਅਨ ਕਿਰਨ ਵਾਲੀਆ, ਪੀ.ਪੀ. ਅਮਰ ਰਾਜ ਸੈਣੀ, ਸਕੱਤਰ ਰੋਟੇਰੀਅਨ ਅਸ਼ੋਕ ਚੱਢਾ, ਰੋਟੇਰੀਅਨ ਸੰਦੀਪ ਤਨੇਜਾ, ਰੋਟਰੀ ਕਲੱਬ ਦੇ ਆਨਰੇਰੀ ਮੈਂਬਰ ਸਤਨਾਮ ਸਿੰਘ ਸੱਤੀ, ਡਾ. ਸੁਰਿੰਦਰ ਸਿੰਘ ਅਤੇ ਫਾਊਂਡੇਸ਼ਨ ਦੇ ਹੋਰ ਅਹੁਦੇਦਾਰਾਂ ਤੇ ਸਮਾਜ ਸੇਵੀਆਂ ਨੇ ਸ਼ਮੂਲੀਅਤ ਕੀਤੀ। ਕੈਂਪ ਦੇ ਅੰਤ ਵਿਚ ਸਾਰੇ ਖ਼ੂਨਦਾਨੀਆਂ, ਮੈਡੀਕਲ ਟੀਮ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਕੈਂਪ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ ਗਿਆ।
ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਤੇ ਰੋਟਰੀ ਕਲੱਬ ਨੇ ਖ਼ੂਨਦਾਨ ਕੈਂਪ ਲਗਾਇਆ
ਅਜੀਤ ਡੈਸਕ
13-07-2026