ਰੂਪਨਗਰ, 12 ਜੁਲਾਈ (ਸਤਨਾਮ ਸਿੰਘ ਸੱਤੀ)-ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਜਨਰਲ ਬਾਡੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਹਾਦਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਮੁੱਖ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਕਿਰਤੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਜਥੇਬੰਦੀ ਬਣਾਕੇ ਵਿਗਿਆਨਕ ਢੰਗ ਨਾਲ ਸੰਘਰਸ਼ ਕਰਨ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ, ਕਿ ਜਿਹੜੇ ਲੋਕ ਇੱਕਜੁੱਟ ਹੋ ਕੇ ਆਪਣੇ ਹੱਕਾਂ ਲਈ ਲੜੇ, ਉਨ੍ਹਾਂ ਨੇ ਹੀ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਮੁੱਚੇ ਕਿਰਤੀ ਵਰਗ ਨੂੰ ਸਾਂਝੇ ਸੰਘਰਸ਼ਾਂ ਲਈ ਇੱਕਜੁੱਟ ਹੋਣ ਦੀ ਲੋੜ ਹੈ, ਕਿਉਂਕਿ ਬਿਨਾਂ ਸੰਘਰਸ਼ ਸਰਕਾਰਾਂ ਤੋਂ ਆਪਣੇ ਹੱਕ ਨਹੀਂ ਲਏ ਜਾ ਸਕਦੇ। ਟੀ.ਐੱਸ.ਯੂ. ਦੇ ਸੂਬਾ ਆਗੂ ਸੁਖਵਿੰਦਰ ਸਿੰਘ ਦੁਮੱਣਾ ਨੇ ਯੂਨੀਅਨ ਨੂੰ ਹਰ ਤਰ੍ਹਾਂ ਦੇ ਸੰਘਰਸ਼ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗ਼ੀ ਨੇ ਮੰਗ ਕੀਤੀ ਕਿ ਜਿਵੇਂ ਪੰਜਾਬ ਸਰਕਾਰ ਨੇ ਪਨਬੱਸ ਕਾਮਿਆਂ ਨੂੰ ਆਪਣੇ ਅਧੀਨ ਲਿਆ ਹੈ, ਉਸੇ ਤਰ੍ਹਾਂ ਸਿਹਤ ਵਿਭਾਗ ਵਿਚ ਵੀ ਠੇਕਾ ਪ੍ਰਣਾਲੀ ਖ਼ਤਮ ਕਰਕੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਧਰਮ ਸਿੰਘ ਨੇ ਵੀ ਸਿਹਤ ਵਿਭਾਗ ਦੇ ਕੰਟਰੈਕਟ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 14 ਜੁਲਾਈ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸਿਵਲ ਸਰਜਨ ਰਾਹੀਂ ਭੇਜਿਆ ਜਾਵੇਗਾ। ਇਸ ਮੌਕੇ ਰਾਜਨ ਕੁਮਾਰ, ਅਸੀਸ ਕੁਮਾਰ, ਅਸ਼ੋਕ ਕੁਮਾਰ, ਮਮਤਾ ਰਾਣੀ, ਕੁਲਵਿੰਦਰ ਕੌਰ, ਰਣਜੀਤ ਕੌਰ ਤੇ ਰੋਡ ਟਰਾਂਸਪੋਰਟ ਵਰਕਰ ਯੂਨੀਅਨ ਦੇ ਆਗੂ ਮਨਿੰਦਰ ਸਿੰਘ ਮੌਂਟੀ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਆਗੂ ਤੇ ਮੈਂਬਰ ਹਾਜ਼ਰ ਸਨ।
ਕਿਰਤੀ ਵਰਗ ਦੀਆਂ ਮੁਸ਼ਕਲਾਂ ਦਾ ਹੱਲ ਜਥੇਬੰਦੀ ਤੇ ਵਿਗਿਆਨਕ ਢੰਗ ਨਾਲ ਸੰਘਰਸ਼ ਲੜ ਕੇ ਹੀ ਸੰਭਵ-ਕਾ. ਮਹਾਂ ਸਿੰਘ ਰੋੜੀ
ਅਜੀਤ ਡੈਸਕ
13-07-2026