ਨੰਗਲ, 13 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ’ਚ ਸ਼ੁੱਧ ਜਲ ਦੀ ਸਪਲਾਈ ਨਾ ਹੋਣ ਕਾਰਨ ਹਰ ਵਰ੍ਹੇ ਨਾ ਸਿਰਫ ਪੀਲੀਆ ਫੈਲਦਾ ਹੈ ਸਗੋਂ ਲੋਕਾਂ ਨੂੰ ਅੰਤਾਂ ਦਾ ਮਾਨਸਿਕ ਸੰਤਾਪ ਵੀ ਹੰਢਾਉਣਾ ਪੈਂਦਾ ਹੈ, ਕਿਉਂਕਿ ਇਲਾਜ ਲਈ ਨੰਗਲ ਤੋਂ ਬਾਹਰ ਜਾਣਾ ਪੈਂਦਾ ਹੈ । ਇੰਦਰਾ ਨਗਰ ਦੇ ਨਿਵਾਸੀ ਵਿਵੇਕ ਆਹੂਜਾ ਨੇ ਦੱਸਿਆ ਕਿ ਮੈਂ ਹਰ ਰੋਜ਼ ਬਾਹਰੋਂ ਪਾਣੀ ਲੈ ਕੇ ਆਉਂਦਾ ਹਾਂ । ਨਗਰ ਕੌਂਸਲ ਵੱਲੋਂ ਸਪਲਾਈ ਕੀਤੇ ਜਾਂਦੇ ਪਾਣੀ ’ਚ ਸਿਲਟ ਆਉਂਦੀ ਹੈ । ਸਾਡੇ ਬਰਤਨ ਵੀ ਚਿੱਟੇ ਹੋ ਗਏ ਹਨ । ਵਾਰਡ ਨੰਬਰ 6 ਦੇ ਕੌਂਸਲਰ ਰਣਜੀਤ ਸਿੰਘ ਲੱਕੀ ਨੇ ਕਿਹਾ ਕਿ ਵਿਵੇਕ ਆਹੂਜਾ ਦੀ ਸ਼ਿਕਾਇਤ ਸੱਚੀ ਹੈ । ਮੇਰੇ ਆਪਣੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਇਸ ਵਾਰੀ ਪੀਲੀਆ ਹੋਇਆ ਅਤੇ ਸਾਡਾ ਖਰਚ ਵੀ ਕਾਫੀ ਹੋਇਆ ।ਅਸਲ ਗੱਲ ਇਹ ਹੈ ਕਿ ਸਾਡੇ ਕੋਲ ਮੈਪਿੰਗ ਮਸ਼ੀਨ ਨਹੀਂ ਹੈ ਅਤੇ ਅਸੀਂ ਤੁੱਕੇ ਨਾਲ ਕਿਤਿਓਂ ਵੀ ਪੁੱਟਾਈ ਕਰ ਦਿੰਦੇ ਹਾਂ। ਰਾਮ ਨਗਰ, ਕੇਸ਼ਵ ਨਗਰ, ਇੰਦਰਾ ਨਗਰ ਦੀ ਸਮੱਸਿਆ ਦਾ ਇੱਕੋ ਹੱਲ ਹੈ ਕਿ ਦਰਿਆ ਤੋਂ ਪਾਣੀ ਚੁੱਕ ਕੇ ਬਰਾਸਤਾ ਦੁਬੇਟਾ ਪਿੰਡ ਸਪਲਾਈ ਕੀਤੀ ਜਾਵੇ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਅਸੀਂ 12 ਕਰੌੜ ਰੁਪਏ ਖਰਚ ਕਰਕੇ ਸਾਰੀ ਸਮੱਸਿਆ ਹੀ ਹਲ ਕਰ ਰਹੇ ਹਾਂ। ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਕਿ ʺ ਅੱਖ ਭਿੱੜਦੀ ਨਜਾਇਜ਼ ਕਨੈਕਸ਼ਨਾਂʺ ਨੇ ਸਾਰੀ ਖੇਡ ਵਿਗਾੜੀ ਹੈ । ਇੰਦਰਾ ਨਗਰ ਇਲਾਕੇ ’ਚ ਵੱਡੀ ਗਿਣਤੀ ’ਚ ਪ੍ਰਭਾਵਸ਼ਾਲੀ ਲੋਕਾਂ ਨੇ ਖੁਦ ਹੀ ਪਾਣੀ ਤੇ ਸੀਵਰੇਜ ਕਨੈਕਸ਼ਨ ਕਰ ਲਏ ਹਨ। ਇਸ ਇੰਜੀਨੀਅਰਿੰਗ ਕਾਰਨ ਸੀਵਰੇਜ ਵਾਟਰ ਆਮ ਪਾਣੀ ਸਪਲਾਈ ’ਚ ਮਿਕਸ ਹੋ ਰਿਹਾ ਹੈ ।