ਨੂਰਪੁਰ ਬੇਦੀ, 14 ਜੁਲਾਈ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਪਿੰਡ ਮੂਸਾਪੁਰ ਤੋਂ ਬੜਵਾ, ਸਸਕੋਰ ਸੜਕ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਮਹੰਤ ਬਾਬਾ ਉਮੇਦ ਗਿਰੀ ਵਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ। ਲਗਪਗ 1.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਹ ਸੜਕ ਇਲਾਕੇ ਦੇ ਲੋਕਾਂ ਲਈ ਆਵਾਜਾਈ ਦੇ ਪੱਖੋਂ ਵੱਡੀ ਸਹੂਲਤ ਸਾਬਤ ਹੋਵੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੂਸਾਪੁਰ ਤੋਂ ਬੜਵਾ ਸਸਕੋਰ ਸੜਕ ਦੀ ਨਵੀਂ ਉਸਾਰੀ ਨਾਲ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਰਹੀ ਹੈ। ਸੜਕ ਬਣਨ ਨਾਲ ਨਾ ਸਿਰਫ਼ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਖੇਤੀਬਾੜੀ, ਵਪਾਰ ਤੇ ਸਮਾਜਿਕ ਗਤੀਵਿਧੀਆਂ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਵਿਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਸੜਕਾਂ, ਪੀਣ ਵਾਲੇ ਪਾਣੀ, ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਹੋਰ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਮਹੰਤ ਬਾਬਾ ਉਮੇਦ ਗਿਰੀ ਨੇ ਕਿਹਾ ਕਿ ਇਹ ਸੜਕ ਇਲਾਕੇ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਚੰਗੀਆਂ ਸੜਕਾਂ ਨਾਲ ਪਿੰਡਾਂ ਦੀ ਆਰਥਿਕ ਤੇ ਸਮਾਜਿਕ ਤਰੱਕੀ ਨੂੰ ਨਵੀਂ ਦਿਸ਼ਾ ਮਿਲਦੀ ਹੈ ਅਤੇ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿਚ ਵੱਡੀ ਸਹੂਲਤ ਪ੍ਰਾਪਤ ਹੁੰਦੀ ਹੈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਉਪ ਚੇਅਰਮੈਨ ਦੇਸਰਾਜ ਸੈਣੀ, ਸੰਮਤੀ ਮੈਂਬਰ ਹੇਮੰਤ ਸੈਣੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਸਰਪੰਚ ਨਾਨਕ ਸਿੰਘ, ਅਮਰੀਕ ਸਿੰਘ ਪੰਚ, ਮਨਦੀਪ ਸਿੰਘ, ਸੁਧਰਾਮ ਸਿੰਘ, ਨਰਿੰਦਰ ਸਿੰਘ, ਫੁੰਮਣ ਸਿੰਘ, ਹਰਬੰਸ ਸਿੰਘ, ਗੁਰਦੀਪ ਸਿੰਘ, ਟੇਕ ਚੰਦ, ਪਾਲ ਸਿੰਘ, ਬਲਦੇਵ ਸਿੰਘ, ਸੁੱਚਾ ਸਿੰਘ ਮਾਸਟਰ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।