ਪੁਰਖਾਲੀ, 14 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਪੁਰਖਾਲੀ ਤੋਂ ਪਿੰਡ ਬੜੀ ਨੂੰ ਜਾਣ ਵਾਲੀ ਸੜਕ ‘ਤੇ ਬਣੀ ਪੁਲੀ ਇਸ ਸਮੇਂ ਲੰਘਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣੀ ਹੋਈ ਹੈ। ਕਰੀਬ 3 ਸਾਲ ਪਹਿਲਾਂ ਬਰਸਾਤਾਂ ਦੌਰਾਨ ਆਏ ਹੜ੍ਹਾਂ ਕਾਰਨ ਇਸ ਪੁਲੀ ਦੀਆਂ ਦੋਵੇਂ ਪਾਸੇ ਦੀਆਂ ਸੁਰੱਖਿਆ ਰੋਕਾਂ (ਰੇਲਿੰਗ) ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਨੇ ਇਸ ਦੀ ਸਾਰ ਨਹੀਂ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੁਲੀ ਦੇ ਦੋਵੇਂ ਪਾਸੇ ਕੋਈ ਵੀ ਸੁਰੱਖਿਆ ਰੋਕ ਨਾ ਹੋਣ ਕਾਰਨ ਇੱਥੇ ਹਰ ਵੇਲੇ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਰੋਜ਼ਾਨਾ ਕਈ ਸਕੂਲ ਬੱਸਾਂ ਅਤੇ ਵੈਨਾਂ ਮਾਸੂਮ ਬੱਚਿਆਂ ਨੂੰ ਲੈ ਕੇ ਇਸੇ ਪੁਲੀ ਦੇ ਉੱਪਰੋਂ ਲੰਘਦੀਆਂ ਹਨ। ਪੁਲੀ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਪਿਆਂ ਵਿਚ ਹਮੇਸ਼ਾ ਸਹਿਮ ਅਤੇ ਚਿੰਤਾ ਦਾ ਮਾਹੌਲ ਬਣਿਆ ਰਹਿੰਦਾ ਹੈ। ਲੋਕਾਂ ਅਨੁਸਾਰ ਇਹ ਸੜਕ ਬੜੀ ਦੇ ਵੱਖ-ਵੱਖ ਬਾਂਸਾਂ ਨੂੰ ਤਾਂ ਆਪਸ ਵਿਚ ਜੋੜਦੀ ਹੀ ਹੈ, ਬਲਕਿ ਇਹ ਸੜਕ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਬੀਬੀ ਮੁਮਤਾਜ਼ ਗੜ੍ਹ ਸਾਹਿਬ ਜੀ ਨੂੰ ਵੀ ਇਲਾਕੇ ਨਾਲ ਜੋੜਦੀ ਹੈ। ਜਿਸ ਕਾਰਨ ਇਸ ਸੜਕ ‘ਤੇ ਸੰਗਤਾਂ ਦੀ ਵੀ ਵੱਡੀ ਆਵਾਜਾਈ ਰਹਿੰਦੀ ਹੈ। ਰਾਤ ਦੇ ਸਮੇਂ ਜਾਂ ਧੁੰਦ ਦੇ ਦਿਨਾਂ ਵਿਚ ਇੱਥੇ ਹਾਦਸਾ ਹੋਣ ਦਾ ਖ਼ਦਸ਼ਾ ਹੋਰ ਵੀ ਵਧ ਜਾਂਦਾ ਹੈ। ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦਾ ਇੰਤਜ਼ਾਰ ਕਰਨ ਦੀ ਬਜਾਏ, ਇਸ ਪੁਲੀ ਦੀਆਂ ਰੋਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ ਸਫ਼ਰ ਕਰ ਸਕਣ।