ਰੂਪਨਗਰ, 14 ਜੁਲਾਈ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰਿਟਾਇਰਡ ਟੀਚਰ ਵੈੱਲਫੇਅਰ ਐਸੋਸੀਏਸ਼ਨ, ਪੰਜਾਬ ਵਲੋਂ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਪ੍ਰੋ. ਜਤਿੰਦਰ ਸਿੰਘ ਗਿੱਲ ਦੇ ਸਨਮਾਨ ਅਤੇ ਨਿੱਘੀ ਵਿਦਾਇਗੀ ਸਬੰਧੀ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਸੇਵਾਮੁਕਤ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪ੍ਰੋ. ਗਿੱਲ ਦੀ ਲੰਬੀ, ਇਮਾਨਦਾਰ ਤੇ ਸਮਰਪਿਤ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਕਾਲਜ ਰੂਪਨਗਰ ਨੂੰ ਅਕਾਦਮਿਕ, ਸੱਭਿਆਚਾਰਕ, ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ, ਅਨੁਸ਼ਾਸਨ, ਪ੍ਰਸ਼ਾਸਕੀ ਯੋਗਤਾ ਅਤੇ ਵਿਦਿਆਰਥੀ-ਕੇਂਦਰਿਤ ਸੋਚ ਨੇ ਕਾਲਜ ਨੂੰ ਵਿਲੱਖਣ ਪਛਾਣ ਦਿਵਾਈ। ਲੈਮਰੀਨ ਟੈਕ ਸਕਿਲਜ਼ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਬੀ. ਐਸ. ਸਤਿਆਲ ਨੇ ਪ੍ਰੋ. ਗਿੱਲ ਵਲੋਂ ਕਾਲਜ ਦੀ ਵਿਰਾਸਤੀ ਇਮਾਰਤ ਦੀ ਸੰਭਾਲ ਅਤੇ ਕੈਂਪਸ ਦੇ ਸੁੰਦਰੀਕਰਨ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਡਾ. ਸਨੇਹ ਲਤਾ ਬਧਵਾਰ, ਪ੍ਰੋ. ਗੁਰਬਿੰਦਰ ਕੌਰ ਸੋਢੀ ਅਤੇ ਉੱਘੇ ਰੰਗਕਰਮੀ ਪ੍ਰੋ. ਅਤੈ ਸਿੰਘ ਨੇ ਵੀ ਪ੍ਰੋ. ਗਿੱਲ ਦੇ ਵਿਦਿਅਕ, ਸਭਿਆਚਾਰਕ ਅਤੇ ਪ੍ਰਸ਼ਾਸਕੀ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸੇਵਾਮੁਕਤੀ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਡਾ. ਜਗਜੀਤ ਸਿੰਘ, ਡਾ. ਹਰਜਸ ਕੌਰ, ਪ੍ਰੋ. ਸਰਬਜੀਤ ਕੌਰ ਅਤੇ ਲੈਕਚਰਾਰ ਗੁਰਮੁਖੀ ਦੇਵੀ ਨੇ ਸੁਰੀਲੇ ਗੀਤ ਪੇਸ਼ ਕੀਤੇ, ਜਦਕਿ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਪ੍ਰੋ. ਗਿੱਲ ਨੂੰ ਸਮਰਪਿਤ ਆਪਣੀ ਰਚੀ ਕਵਿਤਾ ਸੁਣਾਈ। ਐਸੋਸੀਏਸ਼ਨ ਵਲੋਂ ਪ੍ਰੋ. ਜਤਿੰਦਰ ਸਿੰਘ ਗਿੱਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਮੈਡਮ ਕਿਰਨਪ੍ਰੀਤ ਕੌਰ ਗਿੱਲ ਨੂੰ ਵੀ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਆਪਣੇ ਸੰਬੋਧਨ ਵਿਚ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਧਿਆਪਨ ਉਨ੍ਹਾਂ ਲਈ ਸਿਰਫ਼ ਨੌਕਰੀ ਨਹੀਂ, ਸਗੋਂ ਇੱਕ ਮਿਸ਼ਨ ਰਿਹਾ ਹੈ ਅਤੇ ਉਹ ਸੇਵਾਮੁਕਤੀ ਤੋਂ ਬਾਅਦ ਵੀ ਸਮਾਜ ਅਤੇ ਸਿੱਖਿਆ ਦੇ ਖੇਤਰ ਵਿਚ ਆਪਣਾ ਯੋਗਦਾਨ ਜਾਰੀ ਰੱਖਣਗੇ। ਇਸ ਮੌਕੇ ਡਾ. ਸੰਤ ਸੁਰਿੰਦਰਪਾਲ ਸਿੰਘ, ਅਨਿਲ ਕੁਮਾਰ, ਪ੍ਰੋ. ਸੀਮਾ ਸੈਣੀ, ਡਾ. ਜਸਵਿੰਦਰ ਸਿੰਘ, ਡਾ. ਪਰਮਜੀਤ ਕੌਰ ਪਸਰੀਚਾ, ਡਾ. ਸੁਖਜਿੰਦਰ ਕੌਰ ਭੱਠਲ, ਡਾ. ਊਸ਼ਾ ਭਾਟੀਆ, ਡਾ. ਸਨੇਹ ਲਤਾ ਬਧਵਾਰ, ਡਾ. ਜਸਬੀਰ ਕੌਰ, ਡਾ. ਹਰਜਸ ਕੌਰ, ਡਾ. ਜਗਜੀਤ ਸਿੰਘ, ਪ੍ਰੋ. ਸਰਬਜੀਤ ਕੌਰ, ਮੈਡਮ ਹਰਦਰਸ਼ਨ, ਪ੍ਰੋ. ਅਤੈ ਸਿੰਘ, ਪ੍ਰੋ. ਪਿਆਰਾ ਸਿੰਘ ਸਮੇਤ ਐਸੋਸੀਏਸ਼ਨ ਦੇ ਮੈਂਬਰ ਅਤੇ ਪ੍ਰੋ. ਗਿੱਲ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਡਾ. ਬੀ. ਐੱਸ. ਸਤਿਆਲ ਨੇ ਕੀਤਾ, ਜਦਕਿ ਅੰਤ ਵਿਚ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਧੰਨਵਾਦ ਕੀਤਾ।