ਰੂਪਨਗਰ, 21 ਜੁਲਾਈ (ਯਸ਼ਵੰਤ ਬੱਸੀ)-ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਮੰਗਾਂ ਨਾਂ ਮੰਨਣ ਦੇ ਰੋਸ ਵਜੋਂ ਬਿਜਲੀ ਕਾਮੇ ਦੋ ਦਿਨਾਂ ਲਈ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਇਸ ਮੌਕੇ ਪੀ. ਐੱਸ. ਈ. ਬੀ. ਇੰਪਲਾਈਜ ਫੈਡਰੇਸਨ ਏਟਕ ਪੰਜਾਬ ਦੀ ਅਡਹਾਕ ਕਮੇਟੀ ਦੇ ਕੰਨਵੀਨਰ ਗੁਰਵਿੰਦਰ ਸਿੰਘ ਹਜਾਰਾ, ਨਰਿੰਦਰ ਸੈਣੀ ਸਕੱਤਰ ਏਟਕ ਪੰਜਾਬ, ਹਰਜਿੰਦਰ ਸਿੰਘ ਅਕਬਰਪੁਰ ਸਰਕਲ ਪ੍ਰਧਾਨ, ਮਨਜਿੰਦਰ ਸਿੰਘ ਜੇ. ਈ. ਆਈ. ਟੀ. ਆਈ. ਐਸੋਸੀਏਸਨ ਸਰਕਲ ਪ੍ਰਧਾਨ, ਰਜਿੰਦਰ ਸਿੰਘ ਸਰਕਲ ਸਕੱਤਰ, ਪਲਵਿੰਦਰ ਸਿੰਘ, ਰਵਿੰਦਰ ਦਾਸ, ਸੰਤੋਸ਼ ਤਿਵਾੜੀ ਕਰਮ ਸਿੰਘ ਸਕੱਤਰ ਡਵੀਜਨ ਰੋਪੜ ਵਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰ ਕਾਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜਮਾਂ ਅਤੇ ਪੈਨਸਨਰਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਦੇ ਬਾਵਜੂਦ ਵੀ ਉਨਾਂ ਨੂੰ ਲਾਗੂ ਨਹੀ ਕਰ ਰਹੀ, ਜਿਸ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ/ਪਾਵਰਕਾਮ ਦੀ ਮਨੈਜਮੈਂਟ ਦੇ ਮੁਲਾਜਮਾਂ ਦੇ ਮਸਲੇ ਤੁਰੰਤ ਹੱਲ ਨਾ ਕੀਤੇ ਤਾਂ ਆਉਣ ਵਾਲੇ ਸਮੇ ਵਿਚ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ। ਬਿਜਲੀ ਕਾਮਿਆਂ ਦੀ ਜਾਰੀ ਸਮੂਹਿਕ ਛੁੱਟੀ ਦੌਰਾਨ ਜੇਕਰ ਖਪਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਪੰਜਾਬ ਸਰਕਾਰ/ਮੈਨੇਜਮੈਂਟ ਸਿੱਧੇ ਤੌਰ ’ਤੇ ਜਿੰਮੇਵਾਰ ਹੋਵੇਗੀ।