ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਕਰਨੈਲ ਸਿੰਘ)-ਬਿਜਲੀ ਵਿਭਾਗ ’ਚ ਕੰਮ ਕਰਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਸਰਕਾਰ ਤੇ ਪਾਵਰਕਾਮ ਪ੍ਰਬੰਧਕੀ ਕਮੇਟੀ ਦੇ ਮੁਲਾਜ਼ਮ ਤੇ ਲੋਕ ਵਿਰੋਧੀ ਰਵੱਈਏ ਵਿਰੁੱਧ ਅਤੇ ਆਪਣੀਆਂ ਹੱਕੀ ਮਨਵਾਉਣ ਲਈ ਸਮੂਹ ਬਿਜਲੀ ਕਾਮਿਆਂ ਨੇ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਜਾ ਕੇ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਗੇਟ ’ਤੇ ਰੋਹ ਭਰਪੂਰ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਾਮਰਾਜੀ ਨੀਤੀਆਂ ਤਹਿਤ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ, ਇਸੇ ਨੀਤੀ ਤਹਿਤ ਕਿਰਤ ਕਾਨੂੰਨਾਂ ’ਚ ਵੱਡੀਆਂ ਤਬਦੀਲੀਆਂ ਕਰਕੇ ਕਿਰਤ ਦੀ ਲੁੱਟ ਕਰਨ ਲਈ ਚਾਰ ਲੇਬਰ ਕੋਡ ਪਾਸ ਕੀਤੇ ਗਏ ਹਨ, ਇਸੇ ਨੀਤੀ ਤਹਿਤ ਪੰਜਾਬ ਸਰਕਾਰ ਵਲੋਂ 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਫਾਰਮੂਲਾ ਰੱਦ ਕਰਕੇ ਕੇਂਦਰ ਸਰਕਾਰ ਦੇ ਸੱਤਵੇਂ ਪੇਅ ਸਕੇਲ ਰਾਹੀਂ ਤਨਖਾਹ ਦੇਣ ਦਾ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ, ਆਰ. ਟੀ.ਐਮ. ਤੋਂ ਪ੍ਰਮੋਟ ਹੋਏ ਸਹਾਇਕ ਲਾਈਨਮੈਨ ਅਤੇ ਏ. ਐੱਸ. ਐੱਸ. ਏ. ਨੂੰ ਪਹਿਲਾਂ ਤੋਂ ਮਿਲਦਾ 35400 ਦਾ ਸਕੇਲ ਨਹੀਂ ਦਿੱਤਾ ਜਾ ਰਿਹਾ, ਮੁਲਾਜ਼ਮਾਂ ਨੂੰ 18 ਫ਼ੀਸਦੀ ਮਹਿੰਗਾਈ ਭੱਤਾ ਨਹੀਂ ਦਿੱਤਾ ਜਾ ਰਿਹਾ, ਸਰਕਾਰ ਵਲੋਂ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ, ਬਿਜਲੀ ਕਾਮਿਆਂ ਦੀ ਭਾਰੀ ਘਾਟ ਦੇ ਬਾਵਜੂਦ ਸ਼ਿਕਾਇਤਾਂ ਅਤੇ ਬ੍ਰੇਕਡਾਊਨਾਂ ਇੱਕ ਘੰਟੇ ਅੰਦਰ ਹੱਲ ਕਰਨ ਦੇ ਨਾਦਰਸ਼ਾਹੀ ਫਰਮਾਨ ਜਾਰੀ ਕੀਤੇ ਗਏ ਹਨ। ਆਗੂਆਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਸੰਜੀਦਗੀ ਨਾਲ ਨਿਪਟਾਰਾ ਨਾ ਕੀਤਾ ਤਾਂ ਜਥੇਬੰਦੀਆਂ ਇਸ ਸਮੂਹਿਕ ਛੁੱਟੀ ਦੇ ਫੈਸਲੇ ਨੂੰ ਅੱਗੇ ਵਧਾਉਣ ਲਈ ਮਜ਼ਬੂਰ ਹੋਣਗੀਆਂ। ਜਿਸ ਲਈ ਪੰਜਾਬ ਸਰਕਾਰ ਤੇ ਪ੍ਰਬੰਧਕ ਜਿੰਮੇਵਾਰ ਹੋਣਗੇ। ਇਸ ਰੋਸ ਰੈਲੀ ਨੂੰ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਸਕੱਤਰ ਤਰਸੇਮ ਲਾਲ, ਦੇਸ ਰਾਜ ਘਈ, ਸਰਬਜੀਤ ਸਿੰਘ ਬੇਲਾ, ਜਰਨੈਲ ਸਿੰਘ, ਸੰਜੀਵ ਕੁਮਾਰ, ਹਰਭਜਨ ਸਿੰਘ, ਬਲਵੀਰ ਸਿੰਘ ਕੋਟਲਾ ਆਦਿ ਨੇ ਸੰਬੋਧਨ ਕੀਤਾ।