ਸ੍ਰੀ ਚਮਕੌਰ ਸਾਹਿਬ, 22 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾਂ ਦੀ ਅਗਵਾਈ ਹੇਠ ਅਹੁਦੇਦਾਰਾਂ ਨੇ ਅੱਜ ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦਫ਼ਤਰ ਪੁੱਜ ਕੇ ਉੱਥੇ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਨੂੰ ਸਮਰਥਨ ਦਿੱਤਾ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਮੂਹ ਸਫ਼ਾਈ ਸੇਵਕਾਂ ਸਮੇਤ ਕੱਚੇ ਮੁਲਾਜਮਾਂ ਨੂੰ ਤੁਰੰਤ ਪੱਕਾ ਕਰੇ ਅਤੇ ਉਨ੍ਹਾਂ ਦੀਆਂ ਸਮੁੱਚੀਆਂ ਮੰਗਾਂ ਨੂੰ ਪੂਰਾ ਕਰੇ। ਇਸ ਮੌਕੇ ਪਾਰਟੀ ਦੇ ਸੂਬਾ ਆਗੂ ਹਰਬੰਸ ਸਿੰਘ ਕੰਧੋਲਾ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਮਕੜੋਨਾ ਨੇ ਕਿਹਾ ਕਿ ਇਨ੍ਹਾਂ ਸਫਾਈ ਸੇਵਕਾਂ ਨੂੰ ਬਹੁਤ ਹੀ ਥੋੜੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਮਹਿੰਗਾਈ ਦੇ ਯੁੱਗ ਵਿਚ ਪਰਿਵਾਰ ਪਾਲਣੇ ਬਹੁਤ ਹੀ ਔਖੇ ਹੋ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਗਰੀਬਾਂ ਦਾ ਸੋਸ਼ਣ ਬੰਦ ਕੀਤਾ ਜਾਵੇ ਅਤੇ ਜਾਇਜ ਅਤੇ ਹੱਕੀ ਮੰਗਾਂ ਨੂੰ ਮੰਨ ਕੇ ਹੜਤਾਲ ਖੁਲਵਾਈ ਜਾਵੇ ਤਾਂ ਜੋ ਕੂੜੇ ਨਾਲ ਨਰਕ ਬਣ ਰਹੇ ਪੰਜਾਬ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਰਾਹੁਲ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਟੀਮ ਨੂੰ ਆਪਣੀ ਮੰਗਾਂ ਸਬੰਧੀ ਇੱਕ ਪੱਤਰ ਵੀ ਸੋਪਿਆਂ ਤੇ ਕਿਹਾ ਕਿ ਇਸ ਪੱਤਰ ਵਿਚ ਕੋਈ ਵੀ ਮੰਗ ਨਜਾਇਜ ਨਹੀ ਬਲਕਿ ਇਹ ਉਹੀ ਮੰਗਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਦੇ ਕੀਤੇ ਵਾਅਦਿਆਂ ਨਾਲ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੱਤਾ ਸੰਭਾਲੀ ਸੀ ਤੇ ਹੁਣ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਮੰਗਾਂ ਨੂੰ ਪੂਰਾ ਨਹੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਪ੍ਰੀਮਤ ਸਿੰਘ ਸੱਲ੍ਹੋਮਾਜਰਾ, ਸਰਕਲ ਪ੍ਰਧਾਨ ਨਿਰਭੈ ਸਿੰਘ, ਪਰਗਟ ਸਿੰਘ ਰੌਲੂਮਾਜਰਾ, ਅਮਰਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ ਸਿੱਧੂ, ਸਵਰਨ ਸਿੰਘ ਸੈਣੀ, ਕੁਲਵੰਤ ਸਿੰਘ ਭੂਰੜੇ, ਸੁਖਵਿੰਦਰ ਸਿੰਘ ਮੁੰਡੀਆਂ, ਸੇਵਾ ਸਿੰਘ ਮੋਰਿੰਡਾ ਸਮੇਤ ਸਮੂਹ ਸਫ਼ਾਈ ਕਰਮੀ ਹਾਜ਼ਰ ਸਨ।