ਸ੍ਰੀ ਚਮਕੌਰ ਸਾਹਿਬ, 23 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਸਬ ਡਵੀਜਨਲ ਹਸਪਤਾਲ ਵਿਚ ਮਨੋਰੋਗਾਂ ਦੇ ਮਾਹਿਰ ਡਾ. ਪੂਨਮ ਸੇਖਰ ਨੂੰ ਮਹਿਕਮਾ ਸਿਹਤ ਵਿਭਾਗ ਵਲੋਂ ਤਾਇਨਾਤ ਕੀਤਾ ਹੈ, ਜਿਨ੍ਹਾਂ ਅੱਜ ਆਪਣੀ ਡਿਊਟੀ ਸੰਭਾਲ ਲਈ। ਇੱਥੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੋਬਿੰਦ ਟੰਡਨ ਨੇ ਦੱਸਿਆ ਕਿ ਪਹਿਲਾਂ ਮਨੋਰੋਗਾਂ ਦੇ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਜਾਂ ਪੀ.ਜੀ.ਆਈ. ਜਾਂ ਫਿਰ ਮਹਿੰਗੇ ਨਿੱਜੀ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ, ਹੁਣ ਵਿਭਾਗ ਵਲੋਂ ਇੱਥੇ ਤਾਇਨਾਤ ਕੀਤੇ ਮਾਹਿਰ ਡਾਕਟਰ ਕਾਰਨ ਮਰੀਜ਼ ਦਾ ਸਮੇਂ ਦੇ ਨਾਲ ਪੈਸਾ ਵੀ ਬਚੇਗਾ। ਉਨ੍ਹਾਂ ਕਿਹਾ ਕਿ ਮਨੋਰੋਗਾਂ ਦਾ ਇਲਾਜ ਹੁਣ ਸ੍ਰੀ ਚਮਕੌਰ ਸਾਹਿਬ ਵਿਚ ਉਪਲਬਧ ਹੈ ਤੇ ਲੋੜਵੰਦ ਇਸ ਦੀਆਂ ਸੇਵਾਵਾਂ ਦਾ ਲਾਭ ਹਾਸਲ ਕਰ ਸਕਦੇ ਹਨ।