ਮੋਰਿੰਡਾ, 23 ਜੁਲਾਈ (ਪ੍ਰਿਤਪਾਲ ਸਿੰਘ )- ਪ੍ਰਭ ਆਸਰਾ ਟਰੱਸਟ ਪਡਿਆਲਾ ਵਲੋਂ ਪਿੰਡ ਢੰਗਰਾਲੀ ਵਿਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੋਸ਼ਲ ਵੈਲਫ਼ੇਅਰ ਕਲੱਬ ਢੰਗਰਾਲੀ ਦੇ ਜਰਨਲ ਸਕੱਤਰ ਸਵਾਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਦੀ ਪ੍ਰਿੰਸੀਪਲ ਮੈਡਮ ਸੁਰਿੰਦਰਪਾਲ ਕੌਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦੌਰਾਨ ਸਕੂਲ ਦੇ ਲਗਭਗ 25 ਵਿਦਿਆਰਥੀਆਂ ਦੀ ਅਤੇ ਪਿੰਡ ਦੇ 150 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਸ ਵਿੱਚੋਂ 130 ਦੇ ਕਰੀਬ ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ। ਜਿਨਾਂ ਮਰੀਜ਼ਾਂ ਦੀਆਂ ਅੱਖਾਂ ਵਿਚ ਜਿਆਦਾ ਦਿੱਕਤ ਸੀ, ਉਹਨਾਂ ਨੂੰ 27 ਜੁਲਾਈ ਨੂੰ ਪ੍ਰਭ ਆਸਰਾ ਹਸਪਤਾਲ ਚਨਾਲੌ ਵਿਖੇ ਬੁਲਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਜਾਂਚ ਮਾਹਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਪ੍ਰਭ ਆਸਰਾ ਟਰੱਸਟ ਪਡਿਆਲਾ ਦੀ ਇਸ ਟੀਮ ਦੀ ਅਗਵਾਈ ਪ੍ਰਭ ਆਸਰਾ ਦੀ ਸੰਚਾਲਕ ਰਜਿੰਦਰ ਕੌਰ ਵੱਲੋਂ ਕੀਤੀ ਗਈ। ਉਨਾਂ ਨੇ ਆਧੁਨਿਕ ਮਸ਼ੀਨਾਂ ਨਾਲ ਖੁਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਉਹਨਾਂ ਦੇ ਨਾਲ ਅਮਰੀਕਾ ਤੋਂ ਆਏ ਸਮਾਜ ਸੇਵੀ ਕੁਲਵਿੰਦਰ ਸਿੰਘ ਤੇ ਕੁਲਵੀਰ ਸਿੰਘ ਨੇ ਕੈਂਪ ਦੌਰਾਨ ਮਰੀਜ਼ਾਂ ਦੀ ਸੇਵਾ ਕੀਤੀ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਨੇ ਸਮੁੱਚੀ ਡਾਕਟਰਾਂ ਦੀ ਟੀਮ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵੀਰ ਕੌਰ, ਮੈਡਮ ਮਨਪ੍ਰੀਤ ਕੌਰ, ਕੰਪਿਊਟਰ ਮਾਸਟਰ ਜਗਪਾਲ ਸਿੰਘ ਬੈਂਸ, ਰਣਜੋਧ ਸਿੰਘ ਬਾਠ, ਬਲਬੀਰ ਸਿੰਘ, ਅਰਸ਼ਪ੍ਰੀਤ ਸਿੰਘ ਬਾਠ ਤੇ ਸਰਪੰਚ ਰਣਦੀਪ ਸਿੰਘ ਦੀਪੂ ਆਦਿ ਹਾਜ਼ਰ ਸਨ।