ਬਰਦ ਖੱਡ ਤੇ ਸਰਸਾ ਦਰਿਆ ’ਚ ਉਦਯੋਗਿਕ ਕੂੜੇ ਦੇ ਕਥਿਤ ਨਾਜਾਇਜ਼ ਡੰਪ ਦਾ ਵਿਧਾਇਕ ਚੱਢਾ ਵਲੋਂ ਜਾਇਜ਼ਾ
ਰੂਪਨਗਰ, 25 ਅਗਸਤ (ਸਟਾਫ਼ ਰਿਪੋਰਟਰ)- ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਮੜਾਂਵਾਲਾ, ਨਵਾਂ ਨਗਰ ਅਤੇ ਭੁੱਡ ਬੈਰੀਅਰ ਖੇਤਰ ਵਿਚ ਸਰਸਾ ਦਰਿਆ ਤੇ ਬਰਦ ਖੱਡ ਵਿਚ ਉਦਯੋਗਿਕ ਕੂੜੇ ਅਤੇ ਕਥਿਤ ਖਤਰਨਾਕ ਰਸਾਇਣਕ ਰਹਿੰਦ-ਖੂੰਹਦ ਦੇ ਮਾਮਲੇ ਨੂੰ ਲੈ ਕੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਉਨ੍ਹਾਂ ਹਿਮਾਚਲ ਦੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਤੇ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਰੂਪਨਗਰ, 25 ਅਗਸਤ (ਸਟਾਫ਼ ਰਿਪੋਰਟਰ)- ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਮੜਾਂਵਾਲਾ, ਨਵਾਂ ਨਗਰ ਅਤੇ ਭੁੱਡ ਬੈਰੀਅਰ ਖੇਤਰ ਵਿਚ ਸਰਸਾ ਦਰਿਆ ਤੇ ਬਰਦ ਖੱਡ ਵਿਚ ਉਦਯੋਗਿਕ ਕੂੜੇ ਅਤੇ ਕਥਿਤ ਖਤਰਨਾਕ ਰਸਾਇਣਕ ਰਹਿੰਦ-ਖੂੰਹਦ ਦੇ ਮਾਮਲੇ ਨੂੰ ਲੈ ਕੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਉਨ੍ਹਾਂ ਹਿਮਾਚਲ ਦੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਤੇ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਤੁਰੰਤ ਕਾਰਵਾਈ ਕਰਨ ਲਈ ਕਿਹਾ। ਵਿਧਾਇਕ ਨੇ ਭੁੱਡ ਬੈਰੀਅਰ ਵਿਖੇ ਸਰਸਾ ਦਰਿਆ ਵਿਚ ਡਿੱਗ ਰਹੇ ਕੂੜੇ ਤੇ ਮੜਾਂਵਾਲਾ ਦੀ ਬਰਦ ਖੱਡ ਵਿਚ ਵੱਡੀ ਮਾਤਰਾ ਵਿਚ ਪਏ ਉਦਯੋਗਿਕ ਕੂੜੇ ਦਾ ਜਾਇਜ਼ਾ ਲਿਆ। ਮੌਕੇ ’ਤੇ ਉਦਯੋਗਿਕ ਰਹਿੰਦ-ਖੂੰਹਦ, ਰਸਾਇਣਕ ਸਮੱਗਰੀ, ਮੈਡੀਕਲ ਇੰਜੈਕਸ਼ਨਾਂ ਅਤੇ ਹੋਰ ਕਥਿਤ ਖਤਰਨਾਕ ਵਸਤੂਆਂ ਮਿਲਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਕੂੜਾ ਦਰਿਆਵਾਂ ਤੇ ਖੱਡਾਂ ਵਿਚ ਸੁੱਟਣਾ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਖ਼ਤਰਾ ਹੈ। ਵਿਧਾਇਕ ਨੇ ਮੌਕੇ ਤੋਂ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਕੂੜਾ ਤੁਰੰਤ ਹਟਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤ ਦੌਰਾਨ ਇਹ ਰਹਿੰਦ-ਖੂੰਹਦ ਪਾਣੀ ਨਾਲ ਵਹਿ ਕੇ ਸਰਸਾ ਤੇ ਸਤਲੁਜ ਦਰਿਆ ਸਮੇਤ ਨਹਿਰੀ ਪਾਣੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀਆਂ ਵਲੋਂ ਕੂੜੇ ਦੀ ਕਿਸਮ ਤੇ ਮਾਤਰਾ ਸਬੰਧੀ ਰਿਪੋਰਟ ਤਿਆਰ ਕਰਨ ਦੀ ਕਾਰਵਾਈ ਕੀਤੀ ਗਈ। ਵਿਧਾਇਕ ਚੱਢਾ ਨੇ ਕਿਹਾ ਕਿ ਦਰਿਆਵਾਂ ਤੇ ਖੱਡਾਂ ਨੂੰ ਉਦਯੋਗਿਕ ਕੂੜੇ ਦਾ ਡੰਪਿੰਗ ਗਰਾਊਂਡ ਨਹੀਂ ਬਣਨ ਦਿੱਤਾ ਜਾ ਸਕਦਾ ਅਤੇ ਜਾਂਚ ਉਪਰੰਤ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।