ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਬਰਾਬਰੀ ਤੇ ਮਨੁੱਖੀ ਸਨਮਾਨ ਦਾ ਸੰਦੇਸ਼ ਦਿੰਦੀ ਹੈ-ਕੁਲਵੰਤ ਸਿੰਘ ਪੰਡੋਰੀ
ਰੂਪਨਗਰ, 25 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸੱਤਵਾਂ ਰਾਜ ਪੱਧਰੀ ਸੈਮੀਨਾਰ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਮਹਿਲ ਕਲਾਂ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਸ਼ਿਰਕਤ ਕੀਤੀ।
ਰੂਪਨਗਰ, 25 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸੱਤਵਾਂ ਰਾਜ ਪੱਧਰੀ ਸੈਮੀਨਾਰ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਮਹਿਲ ਕਲਾਂ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸਭਿਆਚਾਰਕ ਮਾਮਲਿਆਂ ਬਾਰੇ ਸਲਾਹਕਾਰ ਦੀਪਕ ਬਾਲੀ, ਸੰਤ ਬਾਬਾ ਨਿਰਮਲ ਦਾਸ, ਪ੍ਰੋ. ਮਨਜਿੰਦਰ ਸਿੰਘ, ਆਰਕੀਟੈਕਟ ਸੰਤੋਸ਼ ਕੁਮਾਰੀ, ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਸੰਜੇ ਕੁਮਾਰ, ਰਜਿਸਟਰਾਰ ਪ੍ਰੋ. ਐਲ. ਕੇ. ਯਾਦਵ ਤੇ ਡੀਨ ਵਿਦਿਆਰਥੀ ਭਲਾਈ ਡਾ. ਸਿਮਰਜੀਤ ਕੌਰ ਸਮੇਤ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਸ਼ਖ਼ਸੀਅਤ ਕਿਸੇ ਇਕ ਵਰਗ, ਧਰਮ ਜਾਂ ਖੇਤਰ ਤੱਕ ਸੀਮਤ ਨਹੀਂ। ਉਨ੍ਹਾਂ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਪਿਆਰ, ਭਾਈਚਾਰੇ, ਸਚਾਈ ਤੇ ਮਨੁੱਖੀ ਸਨਮਾਨ ਦਾ ਸੰਦੇਸ਼ ਦਿੰਦੀ ਹੈ। ਗੁਰੂ ਸਾਹਿਬ ਨੇ ਜਾਤ-ਪਾਤ ਤੇ ਸਮਾਜਿਕ ਅਸਮਾਨਤਾ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਮਕਸਦ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਦੀਪਕ ਬਾਲੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ‘ਬੇਗਮਪੁਰਾ’ ਦੇ ਸਿਧਾਂਤ ਰਾਹੀਂ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਪੇਸ਼ ਕੀਤੀ। ਪ੍ਰੋ. ਮਨਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦਾ ਬਰਾਬਰੀ ਦਾ ਸੰਦੇਸ਼ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਅਤੇ ਉੱਚ ਸਿੱਖਿਆ ਸੰਸਥਾਵਾਂ ਸਮਾਜਿਕ ਬਦਲਾਅ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਸੰਤੋਸ਼ ਕੁਮਾਰੀ ਨੇ ਗੁਰੂ ਸਾਹਿਬ ਦੇ ਕਿਰਤ ਨਾਲ ਜੁੜੇ ਜੀਵਨ ਨੂੰ ਮਿਹਨਤ ਤੇ ਇਮਾਨਦਾਰੀ ਦਾ ਸੰਦੇਸ਼ ਦੱਸਿਆ, ਜਦਕਿ ਸੰਤ ਬਾਬਾ ਨਿਰਮਲ ਦਾਸ ਨੇ ਉਨ੍ਹਾਂ ਨੂੰ ਮਹਾਨ ਸੰਤ ਤੇ ਸਮਾਜ ਸੁਧਾਰਕ ਦੱਸਦਿਆਂ ਵਿਦਿਆਰਥੀਆਂ ਨੂੰ ਗਿਆਨ ਹਾਸਲ ਕਰਨ ਅਤੇ ਬੁਰਾਈਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਵਾਈਸ ਚਾਂਸਲਰ ਸੰਜੇ ਕੁਮਾਰ ਅਤੇ ਰਜਿਸਟਰਾਰ ਪ੍ਰੋ. ਐਲ. ਕੇ. ਯਾਦਵ ਨੇ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅੱਜ ਦੇ ਸਮੇਂ ਵਿਚ ਪ੍ਰਸੰਗਕ ਦੱਸਿਆ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਸਿਮਰਜੀਤ ਕੌਰ ਸਮੇਤ ਯੂਨੀਵਰਸਿਟੀ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।