ਰੂਪਨਗਰ, 25 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਆਪਣੀ ਟੀਮ ਅਤੇ ਸਾਥੀਆਂ ਸਮੇਤ ਰੋਪੜ ਹੈੱਡਵਰਕਸ ਦਾ ਦੌਰਾ ਕਰਦਿਆਂ 23 ਅਗਸਤ ਨੂੰ ਹੈੱਡ ਵਰਕਸ ’ਤੇ ਜਮ੍ਹਾ ਗੰਦਗੀ ਦੇ ਮਾਮਲੇ ਵਿਚ ਕੀਤੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਗੌਰਵ ਰਾਣਾ ਨੇ ਕਿਹਾ ਕਿ ਜੇਕਰ ਰੋਪੜ ਹੈੱਡਵਰਕਸ ’ਤੇ ਪਈ ਗੰਦਗੀ ਤੇ ਹੋਰ ਪਦਾਰਥ ਲੋਕਾਂ ਤੇ ਸਤਲੁਜ ਦਰਿਆ ਲਈ ਖ਼ਤਰਾ ਸਨ ਅਤੇ ਇਸ ਮਾਮਲੇ ਵਿਚ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਹੁਣ ਇਹ ਮਾਮਲਾ ਕਿੱਥੇ ਪਹੁੰਚਿਆ ਹੈ, ਲੋਕਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੁਲਿਸ ਨੇ ਇਸ ਗੰਦਗੀ ਨੂੰ ਮਾਲ ਮੁਕੱਦਮਾ ਮੰਨਿਆ ਸੀ ਤਾਂ ਕੀ ਇਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ ਸੀ? ਰਾਣਾ ਨੇ ਕਿਹਾ ਕਿ ਜਿਹੜਾ ਕਚਰਾ ਰੋਪੜ ਹੈੱਡਵਰਕਸ ’ਤੇ ਖ਼ਤਰਨਾਕ ਦੱਸਿਆ ਜਾ ਰਿਹਾ ਸੀ, ਉਸ ਨੂੰ ਸਰਹੰਦ ਨਹਿਰ ਵਿਚ ਹੜ੍ਹਾਉਣ ਨਾਲ ਕੀ ਉਹ ਖ਼ਤਰਾ ਖ਼ਤਮ ਹੋ ਗਿਆ ਜਾਂ ਗੰਦਗੀ ਹੇਠਲੇ ਇਲਾਕਿਆਂ ਵੱਲ ਭੇਜ ਦਿੱਤੀ ਗਈ? ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਧਾਇਕ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਗੰਦਗੀ ਕਿਸ ਦੇ ਹੁਕਮਾਂ ’ਤੇ ਹਟਾਈ ਗਈ ਅਤੇ ਕਿੱਥੇ ਲਿਜਾਈ ਗਈ। ਉਨ੍ਹਾਂ ਸਵਾਲ ਕੀਤਾ ਕਿ ਜਿਸ ਪਦਾਰਥ ਨੂੰ ਕੁੱਝ ਦਿਨ ਪਹਿਲਾਂ ਖ਼ਤਰਨਾਕ ਦੱਸ ਕੇ ਪੁਲਿਸ ਕਾਰਵਾਈ ਕੀਤੀ ਗਈ ਸੀ, ਕੀ ਉਸ ਦੀ ਕੋਈ ਸੈਂਪਲਿੰਗ ਜਾਂ ਵਿਗਿਆਨਕ ਜਾਂਚ ਕਰਵਾਈ ਗਈ? ਜੇਕਰ ਜਾਂਚ ਨਹੀਂ ਹੋਈ ਤਾਂ ਇਹ ਕਿਵੇਂ ਤੈਅ ਕੀਤਾ ਗਿਆ ਕਿ ਪਦਾਰਥ ਖ਼ਤਰਨਾਕ ਸੀ ਜਾਂ ਨਹੀਂ? ਗੌਰਵ ਰਾਣਾ ਨੇ ਦੋਸ਼ ਲਾਇਆ ਕਿ ਫਰਵਰੀ 2025 ਵਿਚ ਪੰਜਾਬ ਸਰਕਾਰ ਵਲੋਂ ਨਹਿਰਾਂ ਅਤੇ ਦਰਿਆਵਾਂ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਪ੍ਰਬੰਧਾਂ ਵਿਚ ਤਬਦੀਲੀ ਕਰਦਿਆਂ ਸਜ਼ਾ ਦੀ ਵਿਵਸਥਾ ਹਟਾ ਕੇ ਸਿਰਫ਼ ਜੁਰਮਾਨੇ ਦੀ ਵਿਵਸਥਾ ਰੱਖੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਸਖ਼ਤ ਜਵਾਬਦੇਹੀ ਯਕੀਨੀ ਬਣਾਉਣੀ ਜ਼ਰੂਰੀ ਹੈ। ਪੰਜਾਬ ਮੋਰਚਾ ਦੇ ਕਨਵੀਨਰ ਨੇ ਕਿਹਾ ਕਿ ਜੇਕਰ ਇਹ ਪਦਾਰਥ ਵਾਕਈ ਖ਼ਤਰਨਾਕ ਸਨ ਤਾਂ ਇਨ੍ਹਾਂ ਨੂੰ ਹੇਠਲੇ ਪਾਸੇ ਹੜ੍ਹਾਉਣ ਨਾਲ ਪੰਜਾਬ ਦੇ ਹੋਰ ਇਲਾਕਿਆਂ ਲਈ ਖ਼ਤਰਾ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਸਪਸ਼ਟ ਕਰੇ ਕਿ ਦਰਜ ਮਾਮਲੇ ਦੀ ਮੌਜੂਦਾ ਸਥਿਤੀ ਕੀ ਹੈ, ਗੰਦਗੀ ਕਿੱਥੇ ਲਿਜਾਈ ਗਈ, ਕਿਸ ਦੇ ਹੁਕਮਾਂ ਨਾਲ ਹਟਾਈ ਗਈ ਅਤੇ ਕੀ ਇਸ ਦੀ ਸੈਂਪਲਿੰਗ ਜਾਂ ਵਿਗਿਆਨਕ ਜਾਂਚ ਹੋਈ ਸੀ। ਰਾਣਾ ਨੇ ਕਿਹਾ ਕਿ ਅੱਜ ਵਿਧਾਇਕ ਹਿਮਾਚਲ ਦੀਆਂ ਫੈਕਟਰੀਆਂ ਵੱਲ ਟੀਮਾਂ ਲੈ ਕੇ ਜਾ ਰਹੇ ਹਨ, ਪਰ ਉਨ੍ਹਾਂ ਅਨੁਸਾਰ ਇਹ ਕਾਰਵਾਈ ਪਰਚਾ ਦਰਜ ਕਰਨ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ, ਤਾਂ ਜੋ ਕਥਿਤ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਠੋਸ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਸਕਦੀ। ਇਸ ਮੌਕੇ ਬਾਬਾ ਕਮਲਜੀਤ ਸਿੰਘ, ਸੋਨੂ ਚਨੌਲੀ, ਹਰਪ੍ਰੀਤ ਸਿੰਘ, ਪ੍ਰਗਟ ਸਿੰਘ ਘਨੌਲੀ, ਕੇਸ਼ਵ ਕੁਮਾਰ ਸਮੇਤ ਵੱਖ-ਵੱਖ ਸਾਥੀ ਹਾਜ਼ਰ ਸਨ।
ਰੋਪੜ ਹੈੱਡ ਵਰਕਸ ’ਤੇ ਜਮ੍ਹਾਂ ਗੰਦਗੀ ਦਾ ਮਾਮਲਾ ਵਿਧਾਇਕ ਦੱਸਣ, ਮਾਲ ਮੁਕੱਦਮਾ ਆਖ਼ਰ ਕਿੱਥੇ ਗਿਆ ?
ਰੂਪਨਗਰ, 25 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਆਪਣੀ ਟੀਮ ਅਤੇ ਸਾਥੀਆਂ ਸਮੇਤ ਰੋਪੜ ਹੈੱਡਵਰਕਸ ਦਾ ਦੌਰਾ ਕਰਦਿਆਂ 23 ਅਗਸਤ ਨੂੰ ਹੈੱਡ ਵਰਕਸ ’ਤੇ ਜਮ੍ਹਾ ਗੰਦਗੀ ਦੇ ਮਾਮਲੇ ਵਿਚ ਕੀਤੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਗੌਰਵ ਰਾਣਾ ਨੇ ਕਿਹਾ ਕਿ ਜੇਕਰ ਰੋਪੜ ਹੈੱਡਵਰਕਸ ’ਤੇ ਪਈ ਗੰਦਗੀ ਤੇ ਹੋਰ ਪਦਾਰਥ ਲੋਕਾਂ ਤੇ ਸਤਲੁਜ ਦਰਿਆ ਲਈ ਖ਼ਤਰਾ ਸਨ ਅਤੇ ਇਸ ਮਾਮਲੇ ਵਿਚ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਹੁਣ ਇਹ ਮਾਮਲਾ ਕਿੱਥੇ ਪਹੁੰਚਿਆ ਹੈ, ਲੋਕਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੌਰਵ ਰਾਣਾ ਅਤੇ ਸਾਥੀ।
26-08-2026